ਮਨਪ੍ਰੀਤ ਸਿੰਘ
ਮਾਨਸਰ, 25 ਅਕਤੂਬਰ
ਸਥਾਨਕ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾ ਮੰਨਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਧਰਨਾ ਅੱਜ 380 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਤੇ ਬੀਬੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਨਰਿੰਦਰ ਸਿੰਘ ਗੋਲੀ, ਅਮਰਜੀਤ ਸਿੰਘ ਕਾਨੂੰਗੋ, ਬਲਕਾਰ ਸਿੰਘ ਮੱਲ੍ਹੀ, ਕਾਮਰੇਡ ਸ਼ੇਰ ਸਿੰਘ ਤੇ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਕਿਸਾਨ ਮਜ਼ਦੂਰ ਇੱਕ ਸਾਲ ਤੋਂ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆ ਰਿਹਾ। ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਡੀਏਪੀ ਖਾਦ ਦੀ ਕਮੀ ਆ ਰਹੀ ਹੈ, ਉਸ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਾਦ ਦੀ ਕਮੀ ਪੂਰੀ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ।
ਟੌਲ ਪਲਾਜ਼ਾ ਬੱਛੂਆਂ ਤੋਂ ਜਨਵਾਦੀ ਇਸਤਰੀ ਸਭਾ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
ਬਲਾਚੌਰ/ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਟੌਲ ਪਲਾਜ਼ਾ ਬੱਛੂਆਂ ਤੋਂ ਜਨਵਾਦੀ ਇਸਤਰੀ ਸਭਾ ਦਾ ਜਥਾ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਇਆ। ਇਸ ਮੌਕੇ ਬੀਬੀ ਸੁਭਾਸ਼ ਮੱਟੂ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਆਧਾਰ ਇਖਲਾਕ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਝੂਠ ਦੇ ਸਹਾਰੇ ਖੜ੍ਹੀ ਹੈ ਅਤੇ ਨਿੱਤ ਦਿਨ ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਸਾਜ਼ਿਸ਼ਾਂ ਘੜਦੀ ਰਹਿੰਦੀ ਹੈ। ਉਕਤ ਆਗੂਆਂ ਨੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਤੇ ਘੱਟੋ ਘੱਟ ਸਮੱਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ। ਸੂਬਾਈ ਸਕੱਤਰ ਗੁਰਨੇਕ ਸਿੰਘ ਭੱਜਲ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਸੂਬਾਈ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਜੱਥੇ ਦਿੱਲੀ ਮੋਰਚੇ ’ਚ ਜਾਂਦੇ ਰਹਿਣਗੇ।