ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਨਵੰਬਰ
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਡਿਜ਼ੀਟਲ ਲਾਇਬ੍ਰੇਰੀ ਵਿੱਚ ਕਵੀ ਰਾਜ ਕੁਮਾਰ ਘਾਸੀਪੁਰੀਆ ਦੇ ਨਵ-ਪ੍ਰਕਾਸ਼ਿਤ ਗੀਤ ਸੰਗ੍ਰਹਿ ‘ਮੇਰੇ ਗੀਤਾਂ ਦੀ ਮਲਿਕਾ’ ਅਤੇ ਕਾਵਿ ਸੰਗ੍ਰਹਿ ‘ਭਖ਼ਦੇ ਹਰਫ਼’ ਨੂੰ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਦੀ ਅਗਵਾਈ ਹੇਠ ਲੋਕ ਅਰਪਣ ਕੀਤਾ ਗਿਆ। ਸਕੱਤਰ ਡਾ. ਜਸਵੰਤ ਰਾਏ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ। ਪੁਸਤਕਾਂ ਰਿਲੀਜ਼ ਕਰਨ ਉਪਰੰਤ ਰਾਜ ਕੁਮਾਰ ਨੇ ਦੋਵਾਂ ਪੁਸਤਕਾਂ ’ਚੋਂ ਚੋਣਵੀਆਂ ਕਵਿਤਾਵਾਂ ਦਾ ਪਾਠ ਸੁਣਾਇਆ। ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਕਿਹਾ ਕਿ ਨਵੇਂ ਕਵੀ ਲਿਖਣ ਦੇ ਨਾਲ ਜੇ ਆਪਣੇ ਸਮਕਾਲੀ ਅਤੇ ਪਹਿਲਾਂ ਦੇ ਕਵੀਆਂ ਦੇ ਕਾਵਿ ਨਾਲ ਸਾਂਝ ਪਾ ਲਈ ਜਾਵੇ ਤਾਂ ਇਹ ਨਵੀਂ ਸਿਰਜਣਾ ਲਈ ਲਾਹੇਵੰਦ ਹੋਵੇਗਾ। ਮਦਨ ਵੀਰਾ ਨੇ ਆਖਿਆ ਕਿ ਰਾਜ ਕੁਮਾਰ ਦੇ ਗੀਤਾਂ ਵਿੱਚ ਰਵਾਨਗੀ ਦੇ ਨਾਲ ਭਾਰੂ ਇਨਕਲਾਬੀ ਰੰਗ ਉਸ ਦੇ ਸਮਾਜਿਕ ਸਰੋਕਾਰਾਂ ਅਤੇ ਮੁਲਾਜ਼ਮ ਮੁਹਾਜ਼ ’ਤੇ ਸੰਘਰਸ਼ ਕਰਨ ਦੀ ਗਾਥਾ ਨੂੰ ਬਿਆਨ ਕਰਦਾ ਹੈ। ਰਚਨਾਵਾਂ ਦੇ ਦੌਰ ਵਿੱਚ ਡਾ. ਸ਼ਮਸ਼ੇਰ ਮੋਹੀ, ਹਰਦਿਆਲ ਹੁਸ਼ਿਆਰਪੁਰੀ, ਰਾਜਿੰਦਰ ਸਚਦੇਵਾ, ਜਸਵੰਤ ਸਿੰਘ, ਤ੍ਰਿਪਤਾ ਕੇ. ਸਿੰਘ, ਤੀਰਥ ਚੰਦ ਸਰੋਆ, ਰਾਜਿੰਦਰ ਹਰਗੜ੍ਹੀਆ, ਸਤੀਸ਼ ਕੁਮਾਰ ਤੇ ਹਰਵਿੰਦਰ ਸਾਬੀ ਨੇ ਰਚਨਾਵਾਂ ਪੇਸ਼ ਕੀਤੀਆਂ। ਜਸਬੀਰ ਧੀਮਾਨ ਨੇ ਰਾਜ ਕੁਮਾਰ ਨੂੰ ਵਧਾਈ ਦਿੱਤੀ।