ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਸਤੰਬਰ
ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਹੁਸ਼ਿਆਰਪੁਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸਾਰੇ ਵਪਾਰਕ ਅਦਾਰੇ ਬੰਦ ਰਹੇ ਅਤੇ ਆਵਾਜਾਈ ਨਾਮਾਤਰ ਰਹੀ। ਭਾਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਕਮੇਟੀ, ਜਮਹੂਰੀ ਕਿਸਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਮਾਰਚ ਕੱਢਿਆ ਗਿਆ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਬੰਦ ਦੇ ਸੱਦੇ ਨੂੰ ਅੱਜ ਇੱਥੇ ਭਰਵਾਂ ਹੁੰਗਾਰਾ ਮਿਲਿਆ। ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਬਿਜਲੀ ਘਰ ਚੌਕ ’ਚ ਦੋਆਬਾ ਕਿਸਾਨ ਕਮੇਟੀ, ਲੋਕ ਇਨਕਲਾਬ ਮੰਚ, ਰਾਜ ਕਰੇਗਾ ਗੱਤਕਾ ਅਖਾੜਾ, ਟੀਚਰ ਯੂਨੀਅਨ, ਸ਼੍ਰੋਮਣੀ ਅਕਾਲੀ ਦਲ (ਡੀ), ‘ਆਪ’, ਕਾਂਗਰਸ, ਆੜ੍ਹਤੀ, ਮਜ਼ਦੂਰ ਯੂਨੀਅਨਾਂ ਨੇ ਇਕੱਠ ਕਰਕੇ ਸਰਕਾਰ ਖ਼ਿਲਾਫ਼ ਭੜਾਸ ਕੱਢੀ।
ਤਲਵਾੜਾ (ਦੀਪਕ ਠਾਕੁਰ): ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਤਲਵਾੜਾ ਅਤੇ ਹਾਜੀਪੁਰ ’ਚ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰ ਮੁਕੰਮਲ ਬੰਦ ਰਹੇ, ਹਾਜੀਪੁਰ ’ਚ ਕਿਸਾਨਾਂ ਨੇ ਟੀ-ਪੁਆਇੰਟ ’ਤੇ ਧਰਨਾ ਲਾ ਚੱਕਾ ਜਾਮ ਕੀਤਾ। ਟੀਐਸਯੂ ਅਤੇ ਐਂਪਲਾਈਜ਼ ਫੈਡਰੇਸ਼ਨ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਅਤੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਤਲਵਾੜਾ ਟੀਐਸਯੂ ਤੇ ਐਂਪਲਾਈਜ਼ ਫੈਡਰੇਸ਼ਨ ਸਮੇਤ ਮੁਲਾਜ਼ਮ ਤੇ ਪੈਨਸ਼ਨਰ ਐਸੋਸਿਏਸ਼ਨ ਨੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ। ਯੂਥ ਕਾਂਗਰਸੀ ਵਰਕਰਾਂ ਨੇ ਸਰਕਾਰ ਦਾ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ ਕੀਤਾ।
ਮਜੀਠਾ (ਲਖਨਪਾਲ ਸਿੰਘ): ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਸੂਬਾ ਆਗੂ ਹਰਭਜਨ ਸਿੰਘ ਟਰਪਈ ਦੀ ਅਗਵਾਈ ਵਿੱਚ ਮਜੀਠਾ ਫਤਿਹਗੜ੍ਹ ਚੂੜੀਆਂ ਰੋਡ ’ਤੇ ਰੋਸ ਧਰਨਾ ਦੇਣ ਉਪਰੰਤ ਮਜੀਠਾ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ। ਹਰਭਜਨ ਸਿੰਘ ਟਰਪਈ ਨੇ ਸਮੂਹ ਵਰਗਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਭੁਲੱਥ ਹਲਕੇ ਦੇ ਵੱਖ-ਵੱਖ ਕਸਬਿਆਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਧਰਨੇ ਦਿੱਤੇ ਗਏ। ਨਡਾਲਾ ਚੌਕ ਵਿਚ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਤੇ ਬਾਗ਼ੀ ਕਾਂਗਰਸੀ ਨੇਤਾਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇਹ ਮਾਰੂ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਧਰਨਿਆਂ ਦੀ ਸ਼ਾਂਤਮਈ ਸਮਾਪਤੀ ’ਤੇ ਏਐੱਸਪੀ ਭੁਲੱਥ ਅਜੇ ਗਾਂਧੀ ਨੇ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਪੰਜਾਬ ਬੰਦ ਦੇ ਸੱਦੇ ’ਤੇ ਕੌਮੀ ਮਾਰਗ ਦੇ ਟੀ-ਪੁਆਇੰਟ ’ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸੇ ਦੌਰਾਨ ਆਵਾਜਾਈ ਪੂਰਨ ਤੌਰ ’ਤੇ ਬੰਦ ਰਹੀ ਅਤੇ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ਤੋਂ ਇਲਾਵਾ ਸਾਰਾ ਸ਼ਹਿਰ ਮੁਕੰਮਲ ਬੰਦ ਰਿਹਾ। ਭਾਜਪਾ ਆਗੂਆਂ ਨੂੰ ਛੱਡ ਕੇ ਕਾਂਗਰਸ, ਅਕਾਲੀ ਦਲ, ‘ਆਪ’ ਤੇ ਬਸਪਾ ਆਗੂਆਂ ਨੇ ਸਾਥ ਦੇਣ ਦਾ ਪ੍ਰਣ ਲਿਆ।
ਨਵਾਂਸ਼ਹਿਰ (ਲਾਜਵੰਤ ਸਿੰਘ): ਅੱਜ ਇੱਥੇ 31 ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਗਟਾਵਾ ਕੀਤਾ। ਕਿਸਾਨਾਂ ਨੇ ਭਾਜਪਾ ਵਿਰੋਧੀ ਨਾਅਰਿਆਂ ਨਾਲ ਪਿੰਡ ਲੰਗੜੋਆ ਬਾਈਪਾਸ ਉੱਤੇ ਜਾਮ ਲਗਾ ਕੇ ਆਵਾਜ਼ਾਈ ਠੱਪ ਕਰ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾ ਨੂੰ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਹੈ।
ਪਠਾਨਕੋਟ (ਐਨਪੀ ਸਿੰਘ): ਅੱਜ ਕਿਸਾਨਾਂ ਨੇ ਅੰਮ੍ਰਿਤਸਰ-ਜੰਮੂ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ। ਧਰਨੇ ਵਿੱਚ ਆੜ੍ਹਤੀ ਵੀ ਸ਼ਾਮਲ ਹੋਏ। ਵੈਟਰਨਰੀ ਐਸੋਸੀਏਸ਼ਨ ਨੇ ਸਮਰਥਨ ਦਾ ਐਲਾਨ ਕੀਤਾ।
ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਅੱਜ ਬਾਜ਼ਾਰ ਤੇ ਹੋਰ ਸਾਰੇ ਕਾਰੋਬਾਰੀ ਅਦਾਰੇ ਬੰਦ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਸਾਹਮਣੇ ਰੋਸ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ, ਜਮਹੂਰੀ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ।
ਪੱਟੀ (ਬੇਅੰਤ ਸਿੰਘ ਸੰਧੂ): ਅੱਜ ਪੱਟੀ ਸ਼ਹਿਰ ਤੇ ਪੇਂਡੂ ਖੇਤਰਾਂ ਅੰਦਰ ਲੋਕਾਂ ਨੇ ਆਪਣੇ ਕਾਰੋਬਾਰ ਮੁਕੰਬਲ ਬੰਦ ਰੱਖ ਕਿ ਮੋਦੀ ਸਰਕਾਰ ਖ਼ਿਲਾਫ਼ ਵਿਰੋਧ ਜ਼ਾਹਿਰ ਕੀਤਾ। ਕੁੱਲ ਹਿੰਦ ਕਿਸਾਨ-ਮਜ਼ਦੂਰ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂਆਂ ਲਾਹੌਰ ਚੌਕ ’ਚ ਧਰਨਾ ਦਿੱਤਾ ਗਿਆ। ਪਨਬਸ ਮੁਲਜ਼ਾਮ ਆਗੂ ਤੇ ਕ੍ਰਿਸ਼ਚਨ ਭਾਈਚਾਰੇ ਆਗੂਆਂ ਧਰਨੇ ਦਾ ਸਮਰਥਨ ਕੀਤਾ। ਅਕਾਲੀ ਤੇ ਕਾਂਗਰਸੀ ਧੜੇ ਧਰਨੇ ਵਿੱਚ ਸ਼ਾਮਲ ਨਹੀਂ ਹੋਏ। ਪੁਲ ਕੋਟਬੁੱਢਾ ’ਤੇ ਕੁੱਲ ਹਿੰਦ ਕਿਸਾਨ ਸਘੰਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਅੱਜ ਬਾਜ਼ਾਰ ਬੰਦ ਰਹੇ, ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਬੀਕੇਯੂ (ਲੱਖੋਵਾਲ), ਜਮਹੂਰੀ ਕਿਸਾਨ ਸਭਾ, ਸਿੱਖ ਵੈੱਲਫੇਅਰ ਸੁਸਾਇਟੀ, ਕਾਂਗਰਸ ਸਣੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਬੱਸ ਸਟੈਂਡ ਵਿੱਚ ਰੋਸ ਧਰਨਾ ਲਾਇਆ। ਅਕਾਲੀ ਦਲ ਬਾਦਲ ਨੇ ਧਰਨਾ ਲਾ ਕੇ ਚੱਕਾ ਜਾਮ ਕੀਤਾ।
ਚੋਹਲਾ ਸਾਹਿਬ (ਤੇਜਿੰਦਰ ਸਿੰਘ): ਅੱਜ ਚੋਹਲਾ ਸਾਹਿਬ, ਹਰੀਕੇ ਪੱਤਣ ਅਤੇ ਸਰਹਾਲੀ ਕਲਾਂ ਆਦਿ ਕਸਬਿਆਂ ਦੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। ਇਸ ਵਿੱਚ ਆੜ੍ਹਤੀ ਐਸੋਸੀਏਸ਼ਨ, ‘ਆਪ’, ਕਾਂਗਰਸ, ਅਕਾਲੀ, ਦੁਕਾਨਦਾਰਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਵੀ ਹਾਅ ਦਾ ਨਾਅਰਾ ਮਾਰਿਆ।
ਭਿੱਖੀਵਿੰਡ (ਨਰਿੰਦਰ ਸਿੰਘ): ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੰਮ੍ਰਿਤਸਰ-ਫਿਰੋਜ਼ਪੁਰ ਹਾਈਵੇਅ ’ਤੇ ਧਰਨਾ ਲਾਇਆ ਗਿਆ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਖੁਸ਼ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹਿੱਤਾਂ ਲਈ ਡੱਟ ਕੇ ਪਹਿਰਾ ਦੇਣਗੇੇ।
ਗੁਰਾਇਆ (ਨਰਿੰਦਰ ਸਿੰਘ ਦੌਧਰ): ਇੱਥੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਸਾਰੇ ਵਰਗਾਂ ਵੱਲੋਂ ਕਿਸਾਨਾਂ ਦਾ ਸਮਰਥਨ ਕਰਦਿਆਂ ਆਪੋ ਆਪਣੇ ਕਾਰੋਬਾਰ ਬੰਦ ਰੱਖੇ ਗਏ। ‘ਆਪ’, ਅਕਾਲੀ ਦਲ, ਕਾਂਗਰਸ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ। ਸੜਕ ਤੇ ਰੇਲ ਮਾਰਗ ਸ਼ਾਂਤੀਪੂਰਵਕ ਠੱਪ ਰੱਖਿਆ ਗਿਆ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਲਾਚੌਰ ਸਬ ਡਵੀਜ਼ਨ ਵਿਚ ਭਰਪੂਰ ਹੁੰਗਾਰਾ ਮਿਲਿਆ। ਬਲਾਚੌਰ ਸ਼ਹਿਰ ਦੇ ਸਮੂਹ ਵਪਾਰੀ ਵਰਗ ਵਲੋਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਬਾਜ਼ਾਰ ਪੂਰਨ ਤੌਰ ’ਤੇ ਬੰਦ ਰੱਖੇ। ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੱਲੋ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਬਸਪਾ ਨੇ ਵੀ ਆਵਾਜਾਈ ਜਾਮ ਕਰ ਕੇ ਸਮਰਥਨ ਦਿੱਤਾ।
ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਹਲਕਾ ਖਡੂਰ ਸਾਹਿਬ ਵਿੱਚ ਮੁਕੰਮਲ ਤੌਰ ’ਤੇ ਬੰਦ ਰਿਹਾ। ਕਿਸਾਨ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕਸਬਾ ਖਡੂਰ ਸਾਹਿਬ, ਫਤਿਆਬਾਦ, ਗੋਇੰਦਵਾਲ ਸਾਹਿਬ ਵਿਚ ਵੱਡੇ ਪੱਧਰ ਤੇ ਚੱਕਾ ਜਾਮ ਕਰ ਕੇ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ’ਤੇ ਅੱਜ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮਹਿਤਪੁਰ, ਨਕੋਦਰ, ਲੱਧੜਾਂ, ਉੱਗੀ, ਰੂਪੇਵਾਲ, ਤਲਵੰਡੀ ਮਾਧੋ, ਮੱਲੀਆਂ ਕਲਾਂ ਤੇ ਖੁਰਦ, ਪਰਜੀਆਂ ਕਲਾਂ, ਪੂੰਨੀਆਂ ਅਤੇ ਲਸੂੜੀ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮੋਦੀ ਦੇ ਪੁਤਲੇ ਫੂਕੇ। ਡੀ.ਟੀ.ਐਫ., ਸ਼੍ਰੋਮਣੀ ਅਕਾਲੀ ਦਲ ਤੇ ਟੀ.ਐਸ.ਯੂ ਨੇ ਮੁਜ਼ਾਹਰੇ ਕੀਤੇ।
ਰਈਆ (ਦਵਿੰਦਰ ਸਿੰਘ ਭੰਗੂ): ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਅੱਜ ਕਸਬਾ ਰਈਆ, ਬਾਬਾ ਬਕਾਲਾ,ਖਿਲਚੀਆਂ, ਬਿਆਸ, ਟਾਂਗਰਾ, ਮਹਿਤਾ ਚੌਕ ਦੇ ਬਾਜ਼ਾਰ ਬੰਦ ਰਹੇ। ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ, ਆੜ੍ਹਤੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਬੰਦ ਦੇ ਸੱਦੇ ਨੂੰ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ। ਹਲਕੇ ਦੇ ਸਾਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਖੇਤਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਸਥਾਨਕ ਕਸਬੇ ਦੇ ਬੱਸ ਸਟੈਂਡ ਉੱਤੇ ਕਿਸਾਨਾਂ, ਦੁਕਾਨਦਾਰਾਂ ਅਤੇ ਫ਼ੀਲਡ ਪੱਤਰ ਯੂਨੀਅਨ ਨੇ ਇਕੱਠੇ ਹੋ ਕੇ ਮੋਦੀ ਦਾ ਪੁਤਲਾ ਫੂਕਿਆ। ਕਸਬਾ ਪੁਰਾਣਾ ਸ਼ਾਲਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹਰਚੋਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਧਰਨਾ ਲਗਾ ਕੇ ਮੁਕੰਮਲ ਬੰਦ ਰੱਖਿਆ।
ਗੁਰਦਾਸਪੁਰ (ਜਤਿੰਦਰ ਬੈਂਸ): ਖੇਤੀ ਆਰਡੀਨੈਂਸਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਗੁਰਦਾਸਪੁਰ ਅੰਦਰ ਦੁਕਾਨਦਾਰਾਂ ਸਮੇਤ ਵੱਖ ਵੱਖ ਵਰਗਾਂ ਦਾ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਅਤੇ ਇਲਾਕੇ ਅੰਦਰ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਕਿਸਾਨਾਂ-ਮਜ਼ਦੂਰਾਂ ਵੱਲੋਂ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਅਤੇ ਪਰਸੂਰਾਮ ਚੌਂਕ ਵਿਚ ਧਰਨੇ ਲਾਏ ਗਏ।
ਤਰਨ ਤਾਰਨ (ਗੁਰਬਖਸ਼ਪੁਰੀ): ਅੱਜ ਦੇ ‘ਪੰਜਾਬ ਬੰਦ’ ਨੂੰ ਸਾਰੇ ਵਰਗਾਂ ਦੇ ਲੋਕਾਂ ਵਲੋਂ ਸਮਰਥਨ ਦਿੱਤਾ ਗਿਆ| ਇਸ ਦੌਰਾਨ ਕਿਸਾਨਾਂ-ਮਜ਼ਦੂਰਾਂ, ਆੜ੍ਹਤੀਆਂ, ਪੱਲੇਦਾਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਕਾਰੋਬਾਰੀਆਂ ਆਦਿ ਨੇ ਕੇਂਦਰ ਸਰਕਾਰ ਵੱਲੋਂ ਪਾਸ ਬਿੱਲਾਂ ਨੂੰ ਸੜਕਾਂ ’ਤੇ ਆ ਕੇ ਵਾਪਸ ਲੈਣ ਦੀ ਮੰਗ ਕੀਤੀ| ਇਸ ਬੰਦ ਨੇ ਬੈਂਕਾਂ ਸਮੇਤ ਹੋਰ ਸਰਕਾਰੀ ਅਦਾਰਿਆਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕੀਤਾ|
ਦੀਨਾਨਗਰ (ਸਰਬਜੀਤ ਸਾਗਰ): ਅੱਜ ਦੀਨਾਨਗਰ ਦੇ ਬੱਸ ਸਟੈਂਡ ’ਤੇ ਕਿਸਾਨ ਜਥੇਬੰਦੀਆਂ ਨੇ ਕਈ ਘੰਟਿਆਂ ਤੱਕ ਧਰਨਾ ਮਾਰਿਆ। ਇਸ ਵਿੱਚ ਕਿਰਤੀ ਕਿਸਾਨ ਯੂਨੀਅਨ, ਕਿਸਾਨ ਭਲਾਈ ਲੋਕ ਇਨਸਾਫ਼, ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਭਰਪੂਰ ਸਮਰਥਨ ਕੀਤਾ ਗਿਆ।
ਬਟਾਲਾ/ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ): ਕਿਸਾਨ ਜਥੇਬੰਦੀਆਂ, ਰਾਜਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਆੜ੍ਹਤੀਆਂ ਅਤੇ ਹੋਰ ਵਪਾਰੀ ਵਰਗ ਨੇ ਬਿੱਲਾਂ ਦਾ ਵਿਰੋਧ ਕੀਤਾ।
ਕਿਸਾਨ ਅੰਦੋਲਨ ਵਿਚ ਬੀਬੀਆਂ ਦੀ ਵੀ ਸ਼ਮੂਲੀਅਤ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਰੇਲ ਰੋਕੋ ਅੰਦੋਲਨ ਦੇ ਅੱਜ ਦੂਜੇ ਦਿਨ ਅੰਮ੍ਰਿਤਸਰ-ਜਲੰਧਰ ਰੇਲਵੇ ਟਰੈਕ ’ਤੇ ਦੇਵੀਦਾਸਪੁਰ ਵਿਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਗਾਇਆ ਧਰਨਾ ਹੋਰ ਵਿਸ਼ਾਲ ਰੂਪ ਲੈ ਗਿਆ। ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਅੱਜ ਬੀਬੀਆਂ ਦਾ ਜਥਾ ਬੀਬੀ ਵੀਰ ਕੌਰ ਚੱਬਾ ਦੀ ਅਗਵਾਈ ਵਿਚ ਅੰਮ੍ਰਿਤਸਰ ਬਾਜ਼ਾਰ ਬੰਦ ਕਰਵਾਉਣ ਗਿਆ ਅਤੇ ਪਿੱਦੀ ਪਿੰਡ ਤੋਂ ਬੀਬੀਆਂ ਤਰਨ ਤਾਰਨ ਲਈ ਅਤੇ ਜੰਡਿਆਲਾ ਗੁਰੂ, ਲੋਪੋਕੇ, ਜੈਂਤੀਪੁਰ, ਕੱਥੂਨੰਗਲ, ਮਜੀਠਾ ਅਤੇ ਪੱਟੀ ਲਈ ਬੰਦ ਨੂੰ ਸਫ਼ਲ ਕਰਨ ਲਈ ਰਵਾਨਾ ਹੋਈਆਂ। ਆਗੂਆਂ ਨੇ ਕਿਹਾ 27 ਸਤੰਬਰ ਨੂੰ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਐੱਨਆਰਆਈਆਂ ਨੂੰ ਅਪੀਲ ਕੀਤੀ ਊਹ ਫੰਡ ਮੰਗਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਨੂੰ ਵੀ ਸੰਘਰਸ਼ ਦੇ ਨਾਂ ਉੱਪਰ ਫੰਡ ਨਾ ਦਿੱਤਾ ਜਾਵੇ। ਊਨ੍ਹਾਂ ਸੰਤਾਂ ਮਹਾਂਪੁਰਸ਼ਾਂ, ਗੁਰੂ ਕਾ ਬਾਗ਼, ਹਜ਼ੂਰ ਸਾਹਿਬ ਵਾਲੇ ਸੰਤਾਂ ਅਤੇ ਇਲਾਕੇ ਦੇ ਸਰਪੰਚਾਂ ਅਤੇ ਲੋਕਾਂ ਦਾ ਲੰਗਰ ਦੇ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ।
ਹਕੂਮਤ ਖ਼ਿਲਾਫ਼ ਗਾਇਕਾਂ ਨੇ ਵੀ ਲਾਈ ‘ਹੇਕ’
ਜਲੰਧਰ (ਪਾਲ ਸਿੰਘ ਨੌਲੀ): ਪੰਜਾਬੀ ਗਾਇਕਾਂ ਨੇ ਪੀਏਪੀ ਚੌਕ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਗਾਇਕ ਮੰਗੀ ਮਾਹਲ, ਜਸਪ੍ਰੀਤ ਸਿੰਘ ਦਾਹੀਆ, ਮਾਸਟਰ ਸਲੀਮ, ਸੁਰਿੰਦਰ ਲਾਡੀ, ਰਾਏ ਜੁਝਾਰ, ਬੀਰ ਸਿੰਘ, ਗੁਰਲੇਜ ਅਖ਼ਤਰ, ਕੁਲਵਿੰਦਰ ਕੈਲੀ, ਸੁੱਚਾ ਰੰਗੀਲਾ, ਦਲਵਿੰਦਰ ਦਿਆਲਪੁਰੀ ਆਦਿ ਨੜੇ ਸੀਪੀਆਈ ਦੇ ਆਗੂ ਐਡਵੋਕੇਟ ਰਾਜਿੰਦਰ ਮੰਡ ਦੀ ਅਗਵਾਈ ਹੇਠ ਜਥੇ ਦੇ ਰੂਪ ’ਚ ਜਲੰਧਰ ਤੋਂ ਪੀਏਪੀ ਪਹੁੰਚੇ।