ਜਸਬੀਰ ਸਿੰਘ ਚਾਨਾ
ਫਗਵਾੜਾ, 20 ਸਤੰਬਰ
ਫਿਰੋਜ਼ਪੁਰ ਡਿਵੀਜ਼ਨ ਦੀ ਰੇਲਵੇ ਮੈਨੇਜਰ ਸੀਮਾ ਸ਼ਰਮਾ ਨੇ ਕਿਹਾ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਰੇਲਵੇ ਲਾਈਨਾਂ ਦੇ ਹੇਠੋਂ ਦੀ ਰਸਤਾ ਦੇਣ ਦੀ ਸਹੂਲਤ ਦਾ ਜਲਦੀ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਨਾਲ ਹੀ ਸਟੇਸ਼ਨ ਦੀ ਸੁੰਦਰਤਾ ਦਾ ਕੰਮ ਵੀ ਜਲਦੀ ਪੂਰਾ ਕੀਤਾ ਜਾਵੇਗਾ। ਅੱਜ ਇਥੇ ਰੇਲਵੇ ਸਟੇਸ਼ਨ ’ਤੇ ਪੁੱਜਣ ਮੌਕੇ ਸ਼ਹਿਰੀਆਂ ਵਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਸਤਨਾਮਪੁਰਾ ਖੇਤਰ ਦੇ ਲੋਕਾਂ ਨੇ ਉਨ੍ਹਾਂ ਨੂੰ ਸਤਨਾਮਪੁਰਾ ਪੁਲ ਹੇਠੋਂ ਅੰਡਰ ਪਾਸ ਬਣਾਉਣ ਲਈ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਅੰਡਰ ਪਾਸ ਦੇ ਨਾ ਚੱਲਦਿਆਂ ਹੋਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦਾ ਜਲਦ ਹੱਲ ਕੀਤਾ ਜਾਵੇ। ਬਾਅਦ ਵਿੱਚ ਡੀ.ਆਰ.ਐੱਮ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਆਰ.ਐੱਮ ਨੇ ਸਟੇਸ਼ਨ ਉੱਤੇ ਸ਼ੁਰੂ ਹੋਏ ਵਿਕਾਸ ਕੰਮਾ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ 8 ਕਰੋੜ ਰੁਪਏ ਦੀ ਲਾਗਤ ਨਾਲ ਸਟੇਸ਼ਨ ਦੀ ਸੁੰਦਰਤਾ ਲਈ ਕੰਮ ਸ਼ੁਰੂ ਕਰਵਾਏ ਗਏ ਹਨ ਪਰ ਕੁੱਝ ਕੰਮ ਰੇਤੇ ਬਜ਼ਰੀ ਤੇ ਹੋਰ ਮਟੀਰੀਅਲ ਦੀ ਘਾਟ ਕਾਰਨ ਬੰਦ ਪਏ ਹਨ ਜਿਨ੍ਹਾਂ ਦਾ ਠੇਕਾ ਨਵੇਂ ਸਿਰੇ ਦੇ ਕੇ ਇਨ੍ਹਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇਗਾ। ਸ਼੍ਰੀ ਸੋਮ ਪ੍ਰਕਾਸ਼ ਨੇ ਸਤਨਾਮਪੁਰਾ ਖੇਤਰ ਦੇ ਲੋਕਾਂ ਦਾ ਵਫ਼ਦ ਜੋ ਹਰਪ੍ਰੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਕੰਬੋਜ਼ ਦੀ ਅਗਵਾਈ ’ਚ ਮਿਲਿਆ ਸੀ ਉਨ੍ਹਾਂ ਨਾਲ ਡੀ.ਆਰ.ਐਮ ਦੀ ਮੁਲਾਕਾਤ ਕਰਵਾਈ ਤੇ ਇਨ੍ਹਾਂ ਦੀ ਸਮੱਸਿਆ ਵੱਲ ਤੁਰੰਤ ਗੌਰ ਕਰਨ ਲਈ ਕਿਹਾ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਰੇਲ ਮੰਤਰੀ ਨੂੰ ਮਿਲ ਕੇ ਸ਼ਹਿਰ ’ਚ ਪੰਜ ਅੰਡਰ ਪਾਸ ਬਣਾਉਣ ਲਈ ਪੱਤਰ ਦਿੱਤਾ ਹੈ। ਜਿਸ ’ਚ ਸਤਨਾਮਪੁਰਾ, ਪੀਪਾਰੰਗੀ, ਮੌਲੀ, ਖੇੜਾ ਰੋਡ, ਗੋਬਿੰਦਪੁਰਾ-ਇੰਡਸਟਰੀ ਏਰੀਆ ਦੇ ਅੰਡਰ ਪਾਸ ਸ਼ਾਮਲ ਹਨ। ਡੀ.ਆਰ.ਆਮ ਨੇ ਇਸ ਦੀ ਤੁਰੰਤ ਜਾਣਕਾਰੀ ਪ੍ਰਾਪਤ ਕਰਕੇ ਇਸ ਸਬੰਧੀ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਸਾਬਕਾ ਕੌਂਸਲਰ ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ, ਸਾਬਕਾ ਮੇਅਰ ਅਰੁਨ ਖੋਸਲਾ, ਪੁਸ਼ਪਿੰਦਰ ਕੌਰ, ਪ੍ਰਿਤਪਾਲ ਸਿੰਘ ਮੰਗਾ ਸਮੇਤ ਕਈ ਆਗੂ ਸ਼ਾਮਿਲ ਸਨ।