ਪੱਤਰ ਪ੍ਰੇਰਕ
ਭੁਲੱਥ, 1 ਜੁਲਾਈ
ਭਾਰਤੀ ਡੈਮੋਕਰੈਟਿਕ ਲੋਕ ਦਲ ਪਾਰਟੀ ਤੇ ਡੈਮੋਕਰੈਟਿਕ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਅੱਜ ਜਗਤਜੀਤ ਇੰਡਸਟਰੀਜ਼ ਦੇ ਪ੍ਰਬੰਧਕਾਂ ਵੱਲੋਂ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ ’ਚ ਪੰਜਾਬ ਸਰਕਾਰ ਤੇ ਫੈਕਟਰੀ ਪ੍ਰਬੰਧਕਾਂ ਦੇ ਪੁਤਲੇ ਫੂਕੇ। ਮਜ਼ਦੂਰਾਂ ਨੇ ਆਪਣੇ ਸਿਰਾਂ ਦੇ ਮੁੰਡਨ ਕਰਵਾ ਕੇ ਰੋਸ ਕਰਨ ਦਾ ਨਿਵੇਕਲਾ ਤਰੀਕਾ ਅਪਣਾਇਆ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਦੱਸਿਆ ਉਨ੍ਹਾਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕੱਢੇ ਫੈਕਟਰੀ ਮਜ਼ਦੂਰਾਂ ਨੂੰ ਬਹਾਲ ਕਰਨ ਲਈ ਮੰਗ ਪੱਤਰ ਦੇਣ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਦ ਸ਼ਾਂਤਮਈ ਤਰੀਕੇ ਨਾਲ ਪਿਛਲੇ ਅੱਠ ਦਿਨਾਂ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਸੀ। ਪ੍ਰਬੰਧਕਾਂ ਤੇ ਸਰਕਾਰ ਵੱਲੋਂ ਇਨ੍ਹਾਂ ਰੋਸ ਧਰਨਿਆਂ ਦੇ ਬਾਵਜੂਦ ਮੰਗਾਂ ਦੇ ਨੋਟਿਸ ਨਾ ਲਏ ਜਾਣ ’ਤੇ ਅੱਜ ਕੈਪਟਨ ਸਰਕਾਰ ਤੇ ਮਿੱਲ ਪ੍ਰਬੰਧਕਾਂ ਦੇ ਪੁਤਲੇ ਫੂਕੇ ਗਏ ਤੇ ਮਜ਼ਦੂਰਾਂ ਵੱਲੋਂ ਆਪਣੇ ਮੁੰਡਨ ਕਰਵਾ ਕੇ ਆਪਣੇ ਵਾਲ ਪ੍ਰਬੰਧਕਾਂ ਨੂੰ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ’ਤੇ ਬਹਾਲ ਨਾ ਕੀਤਾ ਗਿਆ ਤਾਂ ਰੋਸ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਇਸ ਮੌਕੇ ਚਮਨ ਲਾਲ ਨਾਹਰ, ਮੰਗਤ ਰਾਮ ਕਲਿਆਣ, ਡਾ. ਸੋਮ ਨਾਥ ਦਿਆਲਪੁਰ, ਸੁਖਵਿੰਦਰ ਖੋਸਲਾ, ਰੂੜਾ ਰਾਮ, ਮਹਿੰਦਰ ਸਿੰਘ ਬਲੇਰ, ਨੀਲਮ ਗਿੱਲ ਹਾਜ਼ਰ ਸਨ।