ਪੱਤਰ ਪ੍ਰੇਰਕ
ਤਲਵਾੜਾ, 4 ਜੁਲਾਈ
ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਲੋਕਾਂ ਨਾਲ ਕੀਤੇ ਲੋਕ ਲੁਭਾਵਣੇ ਵਾਅਦਿਆਂ ਤੋਂ ਮੁਲਾਜ਼ਮ ਅੱਕ ਗਏ ਹਨ। ਲੰਘੇ ਵਿਧਾਨ ਸਭਾ ਸੈਸ਼ਨ ’ਚ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਦੇਣ ਕਾਰਨ ਜਥੇਬੰਦੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਹਾਲਾਂਕਿ ਵੱਡੀ ਗਿਣਤੀ ਮੁਲਾਜ਼ਮ ਜੱਥੇਬੰਦੀਆਂ ਸਰਕਾਰ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਸੜਕਾਂ ’ਤੇ ਉਤਰ ਪਈਆਂ ਹਨ। ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਨੇ 8 ਤਾਰੀਕ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਦੇ ਹਲਕਾ ਹੁਸ਼ਿਆਰਪੁਰ ’ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਜਥੇਬੰਦੀ ਦੇ ਜ਼ੋਨ ਪ੍ਰਧਾਨ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਅਤੇ ਰਾਜੀਵ ਸ਼ਰਮਾ ਤਲਵਾੜਾ ਨੇ ਦਿੱਤੀ। ਇਹ ਫੈਸਲਾ ਸੂਬਾ ਕਮੇਟੀ ਦੀ ਮੀਟਿੰਗ ’ਚ ਸਰਬਸਮੰਤੀ ਨਾਲ ਲਿਆ ਗਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਫੀਲਡ ਅਮਲੇ ਦੀਆਂ ਬਦਲੀਆਂ, ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਜੀਪੀਐਫ਼ ਦੇ ਕੇਸ, ਠੇਕਾ ਮੁਲਾਜ਼ਮਾਂ ਨੂੰ ਵਿਭਾਗ ’ਚ ਲੈਣ ਦੀ ਪ੍ਰਕਿਰਿਆ, ਮੈਡੀਕਲ ਬਿੱਲਾਂ ਦਾ ਭੁਗਤਾਨ, ਦਰਜਾ ਤਿੰਨ ਅਤੇ ਚਾਰ ਦੀਆਂ ਪਦਉੱਨਤੀਆਂ, ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਆਦਿ ਸਭ ਕੰਮ ਠੱਪ ਪਏ ਹੋਏ ਹਨ।