ਪੱਤਰ ਪ੍ਰੇਰਕ
ਮੁਕੇਰੀਆਂ, 8 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਖਿਡਾਰੀਆਂ ਨੇ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ 12 ਖਿਡਾਰੀਆਂ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਜ਼ੋਨਲ ਖੇਡਾਂ ਵਿੱਚ ਲੜਕਿਆਂ ਦੇ ਅੰਡਰ 19 ਮੁਕਾਬਲੇ ਵਿੱਚ ਵਾਲੀਬਾਲ, ਕ੍ਰਿਕਟ ਅਤੇ ਬੈਡਮਿੰਟਨ ਵਿੱਚ ਸਕੂਲ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਅਤੇ ਰੱਸਾ ਖਿੱਚਣ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਅਥਲੈਟਿਕਸ ਦੇ ਅੰਡਰ 19 ਸਾਲ ਵਰਗ ਮੁਕਾਬਲਿਆਂ ਵਿੱਚ ਵਿਸ਼ਾਲਪ੍ਰੀਤ ਸਿੰਘ ਨੇ ਸ਼ਾਟ-ਪੁੱਟ ਅਤੇ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ, ਰੋਹਿਤ ਨੇ 200 ਮੀਟਰ ਦੌੜ ਵਿੱਚ ਪਹਿਲਾ ਅਤੇ 100 ਮੀ. ਦੌੜ ’ਚ ਦੂਜਾ ਸਥਾਨ ਹਾਸਲ ਕੀਤਾ ਹੈ। 400×100 ਮੀ. ਰਿਲੇਅ ਰੇਸ ਵਿੱਚ ਰੋਹਿਤ, ਅੰਸ਼ ਖੰਨਾ, ਜਸਰੂਪ ਸਿੰਘ ਅਤੇ ਆਰੀਅਨ ਠਾਕੁਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ 17 ਸਾਲ ਵਰਗ ਮੁਕਾਬਲਿਆਂ ’ਚ ਹਰਸ਼ਨੂਰ ਨੇ ਹੈਮਰ ਥ੍ਰੋ ਵਿੱਚ ਪਹਿਲਾ ਅਤੇ ਸ਼ਾਟ ਪੁੱਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜਸਰੂਪ ਸਿੰਘ ਨੇ ਡਿਸਕਸ ਥ੍ਰੋ ਅਤੇ ਹੈਮਰ ਥ੍ਰੋ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਲੜਕੀਆਂ ਦੇ ਅੰਡਰ 17 ਸਾਲ ਐਥਲੈਟਿਕਸ ਮੁਕਾਬਲਿਆਂ ’ਚ ਗੁਰਲੀਨ ਕੌਰ ਨੇ ਜੈਵਲਿਨ ਥ੍ਰੋਅ ਵਿੱਚ ਪਹਿਲਾ ਅਤੇ ਸ਼ਾਟਪੁਟ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਰੱਸਾਕਸੀ ਵਿੱਚ ਰੋਹਿਤ, ਸਰਤਾਜ ਸਿੰਘ, ਜਸਰੂਪ ਸਿੰਘ ਤੇ ਆਰੀਅਨ ਡਡਵਾਲ, ਵਾਲੀਬਾਲ ਵਿੱਚ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਸਜੋਤ ਸਿੰਘ ਅਤੇ ਵਿਸ਼ਾਲਪ੍ਰੀਤ ਸਿੰਘ ਤੇ ਬੈਡਮਿੰਟਨ ਵਿੱਚ ਧਰੁਵ ਰਾਣਾ ਤੇ ਨਮਨ ਕਪਿਲਾ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਲੜਕੀਆਂ ਵਿੱਚ ਗੁਰਲੀਨ ਕੌਰ ਅਤੇ ਮਨਮੀਤ ਕੌਰ ਦੀ ਚੋਣ ਰਾਜ ਪੱਧਰ ਦੇ ਮੁਕਾਬਲਿਆਂ ਲਈ ਹੋਈ ਹੈ।