ਪੱਤਰ ਪ੍ਰੇਰਕ
ਸ਼ਾਹਕੋਟ, 20 ਸਤੰਬਰ
ਬੁੱਢਣਵਾਲ ਦੇ ਨੌਜਵਾਨ ਗੁਰਵਿੰਦਰ ਸਿੰਘ ਉਰਫ ਗਿੰਦਾ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਸ਼ਾਹਕੋਟ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਹਕੋਟ ਪੁਲੀਸ ਉੱਤੇ ਨਾਜਾਇਜ਼ ਕੁੱਟਮਾਰ, ਉਸਦਾ ਮੋਬਾਈਲ, 2000 ਰੁਪਏ ਅਤੇ ਨੱਤੀਆਂ ਰੱਖਣ ਵਰਗੇ ਕਥਿਤ ਗੰਭੀਰ ਦੋਸ਼ ਲਾਏ ਸਨ। ਪੁਲੀਸ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ, ਪਰ ਥਾਣੇ ਵਿੱਚ ਕਥਿਤ ਕੁੱਟਮਾਰ ਕਰਨ ਅਤੇ ਉਸਦੇ ਰੁਪਏ ਅਤੇ ਨੱਤੀਆਂ ਰੱਖਣ ਵਾਲੇ ਪੁਲੀਸ ਮੁਲਾਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਮੁਖੀ ਅਮਨ ਸੈਣੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਗਿੰਦਾ ਨੂੰ ਥਾਣੇ ਕੌਣ ਲੈ ਕੇ ਆਇਆ ਸੀ ਅਤੇ ਉਸਦਾ ਸਾਮਾਨ ਕਿਸ ਕੋਲ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਥਾਣਾ ਸ਼ਾਹਕੋਟ ਦੇ ਮੁਖੀ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਮ੍ਰਿਤਕ ਗਿੰਦਾ ਦੇ ਘਰ ਪਹੁੰਚੇ ਸਨ। ਗਿੰਦਾ ਦੇ ਪਿਤਾ ਕੇਵਲ ਦੇ ਬਿਆਨਾਂ ’ਤੇ ਰਮਨ ਕੁਮਾਰ, ਉਸਦੀ ਪਤਨੀ ਕੁਲਦੀਪ ਕੌਰ ਉਰਫ ਜੋਤੀ ਵਾਸੀਅਨ ਬੁੱਢਣਵਾਲ ਅਤੇ ਸੱਸ ਪ੍ਰਕਾਸ਼ ਕੌਰ ਵਾਸੀ ਬਾਂਗੀਵਾਲ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।