ਜਗਜੀਤ ਸਿੰਘ
ਮੁਕੇਰੀਆਂ, 2 ਜੁਲਾਈ
ਕੰਢੀ ਦੇ ਪਿੰਡ ਹੀਰ ਬਹਿ ਸਮੇਤ ਕਰੀਬ 6-7 ਪਿੰਡਾਂ ਦੇ ਲੋਕਾਂ ਨੂੰ ਡਿਪੂ ਹੋਲਡਰ ਵਲੋਂ ਸੁਸਰੀ ਤੇ ਮਿੱਟੀ ਭਰਿਆ ਅਨਾਜ ਦੇਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਬਾਅਦ ਤਿੰਨ ਮਹੀਨੇ ਬਾਅਦ ਵੀ ਖ਼ਰਾਬ ਅਨਾਜ ਮਿਲਿਆ ਹੈ। ਉਨ੍ਹਾਂ ਡਿਪੂ ਹੋਲਡਰ ਨੂੰ ਸ਼ਿਕਾਇਤ ਕਰਨ ’ਤੇ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਕੰਢੀ ਦੇ ਪਿੰਡ ਹੀਰ ਬਹਿ ਦੀ ਸਰਪੰਚ ਨਿਰਮਲਾ ਦੇਵੀ, ਪੰਚ ਟਹਿਲ ਸਿੰਘ, ਪੰਚ ਗੁਰਬਖ਼ਸ ਸਿੰਘ, ਜੀਓਜੀ ਤਰਲੋਕ ਚੰਦ, ਉਂਕਾਰ ਸਿੰਘ, ਰਾਮ ਕੁਮਾਰ ਅਤੇ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਬਹਿਲੱਖਣ ਦੇ ਡਿਪੂ ਤੋਂ ਅਨਾਜ ਮਿਲਦਾ ਹੈ। ਉਨ੍ਹਾਂ ਨੂੰ ਨਵੀਂ ਸਰਕਾਰ ਬਣਨ ਉਪਰੰਤ ਕਰੀਬ 3 ਮਹੀਨੇ ਬਾਅਦ ਅਨਾਜ ਮਿਲਿਆ ਹੈ। ਜਦੋਂ ਉਨ੍ਹਾਂ ਘਰ ਆ ਕੇ ਅਨਾਜ ਖੋਲ੍ਹ ਕੇ ਦੇਖਿਆ ਤਾਂ ਕਣਕ ਸੁਸਰੀ ਨੇ ਖਾਧੀ ਹੋਈ ਸੀ ਅਤੇ ਮਿੱਟੀ ਨਾਲ ਭਰੀ ਹੋਈ ਸੀ। ਡਿਪੂ ਹੋਲਡਰ ਵਲੋਂ ਡਿਪੂ ਅਧੀਨ ਆਉਂਦੇ ਕਰੀਬ ਸਾਰੇ ਪਿੰਡਾਂ ਨੂੰ ਹੀ ਅਜਿਹਾ ਅਨਾਜ ਵੰਡਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਡਿਪੂ ਹੋਲਡਰ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਬਦਸਲੂਕੀ ਕਰਦਿਆਂ ਕਿਹਾ ਕਿ ਉਸ ਨੇ ਕਿਹੜਾ ਘਰੋਂ ਦਿੱਤਾ ਹੈ, ਜੋ ਸਰਕਾਰ ਨੇ ਭੇਜਿਆ ਵੰਡ ਦਿੱਤਾ ਗਿਆ ਹੈ। ਜਿਸ ਦੇ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਫ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਤੇ ਖਰਾਬ ਅਨਾਜ ਵੰਡਣ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਡਿਪੂ ਹੋਲਡਰ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਡਿਪੂ ਹੋਲਡਰ ਸੁਨੀਤਾ ਦੇਵੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਅਨਾਜ਼ ਸਰਕਾਰ ਵਲੋਂ ਮਿਲਿਆ ਹੈ, ਉਹ ਹੀ ਵੰਡਿਆ ਗਿਆ ਹੈ। ਕੁਝ ਕੁ ਲੋਕਾਂ ਦੀ ਅਨਾਜ ਖ਼ਰਾਬ ਹੋਣ ਦੀ ਸ਼ਿਕਾਇਤ ਮਿਲੀ ਸੀ। ਜਿਨ੍ਹਾਂ ਨੂੰ ਆਖਿਆ ਸੀ ਕਿ ਜ਼ਿਆਦਾ ਖ਼ਰਾਬ ਇੱਕ ਅੱਧ ਬੋਰੀ ਤਾਂ ਬਦਲਵਾਈ ਜਾ ਸਕਦੀ ਹੈ, ਪਰ ਸਮੁੱਚੇ ਅਨਾਜ ਨੂੰ ਬਦਲਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਮਿਲਣਾ ਪਵੇਗਾ।