ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ 28 ਅਤੇ 29 ਅਕਤੂਬਰ ਨੂੰ ਸਬ ਡਿਵੀਜ਼ਨ ਅਤੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਸੁਵਿਧਾ ਕੈਂਪਾ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੁਵਿਧਾ ਕੈਂਪਾਂ ਵਿੱਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਅੰਗਹੀਣ ਆਦਿ ਸਕੀਮਾਂ), ਘਰ ਦੀ ਸਥਿਤੀ (ਕੱਚਾ/ਪੱਕਾ) ਪੀਐੱਮਏਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐੱਲਪੀਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐੱਸਸੀਬੀਸੀ ਕਾਰਪੋਰੇਸ਼ਨਾਂ/ ਬੈਂਕ ਫਿੰਕੋ ਤੋਂ ਕਰਜ਼ਾ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਸੀਐੱਲਯੂ ਕੇਸ/ਨਕਸ਼ੇ ਆਦਿ ਸਬੰਧੀ ਫਾਰਮ ਭਰੇ ਜਾਣਗੇ।
ਬਿੱਲ ਮੁਆਫ਼ੀ ਲਈ ਲੋਕ ਸੁਵਿਧਾਂ ਕੈਂਪਾਂ ਵਿੱਚ ਸੰਪਰਕ ਕਰਨ: ਥੋਰੀ
ਜਲੰਧਰ: ਇਸੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਦੋ ਕਿਲੋਵਾਟ ਨਾਲ ਸਬੰਧਿਤ ਲਾਭਪਾਤਰੀ ਆਪਣੇ ਬਕਾਇਆ ਬਿੱਲ ਮੁਆਫ਼ ਕਰਵਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਵਿਧਾ ਸੈਂਟਰਾਂ ਵਿੱਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਕਰੀਬ ਇਕ ਲੱਖ ਲਾਭਪਾਤਰੀਆਂ ਨੂੰ ਇਸ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਦੇ ਜਲੰਧਰ ਸਰਕਲ ਅਧੀਨ ਪੈਂਦੀਆਂ ਡਿਵੀਜ਼ਨਾਂ ਵੈਸਟ ਡਿਵੀਜ਼ਨ ਦਫ਼ਤਰ ਮਕਸੂਦਾਂ, ਮਾਡਲ ਟਾਊਨ ਡਿਵੀਜ਼ਨ ਦੇ ਦਫ਼ਤਰ ਨੇੜੇ ਹੰਸ ਰਾਜ ਸਟੇਡੀਅਮ, ਪੂਰਬੀ ਡਿਵੀਜ਼ਨ ਦੇ ਫੋਕਲ ਪੁਆਇੰਟ ਦਫ਼ਤਰ ਪਠਾਨਕੋਟ ਬਾਈਪਾਸ ਅਤੇ ਕੈਂਟ ਡਿਵੀਜ਼ਨ ਦੇ ਬੜਿੰਗ ਵਿਖੇ ਪਹੁੰਚ ਕਰ ਸਕਦੇ ਸਨ।