ਜਸਬੀਰ ਸਿੰਘ ਚਾਨਾ
ਫਗਵਾੜਾ, 16 ਜੁਲਾਈ
ਇੱਥੇ ਮਾਡਲ ਟਾਊਨ ਦੀ ਗੋਲ ਮਾਰਕੀਟ ’ਚ ਕਾਰ ਚਾਲਕ ਨੇ ਆਪਣੀ ਕਾਰ ’ਚ ਬੈਠ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਮੁਕਲ ਕੁਮਾਰ (27) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਪਰਮਜੀਤ ਸਿੰਘ ਤੇ ਐੱਸਐੱਚਓ ਸਿਟੀ ਸੁਰਜੀਤ ਸਿੰਘ ਮੌਕੇ ’ਤੇ ਪੁੱਜੇ।
ਮ੍ਰਿਤਕ ਦੇ ਭਰਾ ਰਾਜੂ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਦੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਉਹ ਲੜਕੀ ਵੱਲੋਂ ਹੁਣ ਕਿਸੇ ਹੋਰ ਨਾਲ ਸਬੰਧ ਰੱਖਣ ਤੋਂ ਪ੍ਰੇਸ਼ਾਨ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਕਲ ਟੈਕਸੀ ਚਲਾਉਂਦਾ ਸੀ। ਉਹ ਅੱਜ ਸਵੇਰੇ ਹੀ ਦਿੱਲੀ ਤੋਂ ਇੱਥੇ ਪੁੱਜਾ ਤੇ ਸਿੱਧਾ ਟੈਕਸੀ ਸਟੈਂਡ ’ਤੇ ਹੀ ਰੁਕਿਆ ਤੇ ਖ਼ੁਦ ਨੂੰ ਗੋਲੀ ਮਾਰ ਲਈ।
ਡੀ.ਐਸ.ਪੀ. ਨੇ ਦੱਸਿਆ ਕਿ ਪੁਲੀਸ ਨੇ ਗੋਲੀ ਲਈ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ ਪਰ ਲਾਇਸੈਂਸ ਬਰਾਮਦ ਨਹੀਂ ਹੋਇਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।