ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 30 ਮਾਰਚ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਲੰਘੀ ਦੇਰ ਸ਼ਾਮ ਜਾਜਾ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਟੈਂਪੂ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਿੱਪਰ ਤੇ ਟੈਂਪੂ ਦੀ ਟੱਕਰ ਕਾਰਨ ਟੈਂਪੂ ਚਾਲਕ ਦਪਿੰਦਰ ਸ਼ਾਹ ਪੁੱਤਰ ਮੋਤੀ ਲਾਲ ਸ਼ਾਹ ਵਾਸੀ ਉੜਮੁੜ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਟਾਂਡਾ ਪੁਲੀਸ ਨੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦਪਿੰਦਰ ਸ਼ਾਹ ਦੇ ਭਰਾ ਰਾਮ ਭਰੋਸੇ ਦੇ ਬਿਆਨ ਦੇ ਆਧਾਰ ’ਤੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਪਿੰਦਰ ਸ਼ਾਹ ਪਿਛਲੇ 25 ਸਾਲਾਂ ਤੋਂ ਮੇਲਿਆਂ ਵਿੱਚ ਪਲਾਸਟਿਕ ਅਤੇ ਸਟੀਲ ਦੇ ਭਾਂਡੇ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਸੀ। ਪੁਲੀਸ ਨੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਹੈ।