ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਜੂਨ
ਕਮਿਸ਼ਨਰੇਟ ਪੁਲੀਸ ਨੇ 104 ਸਾਲਾ ਬਜ਼ੁਰਗ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਥਾਣਾ ਬਸਤੀ ਸ਼ੇਖ ਦੇ ਐੱਸਐੱਚਓ ਅਸ਼ਵਨੀ ਕੁਮਾਰ ਵੱਲੋਂ ਨਿੱਜੀ ਤੌਰ ’ਤੇ ਤਿੰਨ ਘੰਟੇ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਬਜ਼ੁਰਗ ਵਿਅਕਤੀ ਨੂੰ ਲੱਭਣ ਵਿੱਚ ਸਫ਼ਲਤਾ ਮਿਲੀ। ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਕੁਝ ਵਾਸੀਆਂ ਨੇ ਪੁਲੀਸ ਦੇ ਆਉਣ ਤੱਕ ਉਕਤ ਵਿਅਕਤੀ ਦੀ ਸੰਭਾਲ ਕੀਤੀ। ਉਸ ਦੀ ਪਛਾਣ ਬੂਟਾ ਰਾਮ ਵਜੋਂ ਹੋਈ। ਐੱਸਐੱਚਓ ਨੇ ਕਿਹਾ ਕਿ ਬੂਟਾ ਰਾਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਘਰ ਤੋਂ ਵਾਲ ਕਟਾਉਣ ਲਈ ਸਲੂਨ ਵਿੱਚ ਗਿਆ ਪਰ ਰਸਤਾ ਭੁੱਲ ਗਿਆ। ਬੂਟਾ ਰਾਮ ਨੇ ਦੱਸਿਆ ਕਿ ਉਹ ਪਿੰਡ ਰਸੂਲਪੁਰ ਨਕੋਦਰ ਨਾਲ ਸਬੰਧ ਰੱਖਦਾ ਹੈ ਜਿਸ ’ਤੇ ਸਿਪਾਹੀ ਰਾਕੇਸ਼ ਕੁਮਾਰ ਵਲੋਂ ਉਸ ਦੀ ਤਸਵੀਰ ਪਿੰਡ ਰਸੂਲਪੁਰ ਵਿੱਚ ਰਹਿੰਦੇ ਰਿਸ਼ਤੇਦਾਰਾਂ ਪਾਸ ਭੇਜੀ ਗਈ। ਜਿਨ੍ਹਾਂ ਨੇ ਤੁਰੰਤ ਬੂਟਾ ਰਾਮ ਦੀ ਪਛਾਣ ਕਰ ਲਈ। ਜਾਣਕਾਰੀ ਮਿਲਦੇ ਹੀ ਲਖਵੀਰ ਸਿੰਘ ਤੁਰੰਤ ਬਸਤੀ ਬਾਵਾ ਖੇਲ ਥਾਣੇ ਪਹੁੰਚ ਗਿਆ ਜਿਥੇ ਉਸ ਨੇ ਆਪਣੇ ਪਿਤਾ ਨੂੰ ਸੁਰੱਖਿਅਤ ਦੇਖ ਕੇ ਰਾਹਤ ਮਹਿਸੂਸ ਕੀਤੀ।