ਪੱਤਰ ਪ੍ਰੇਰਕ
ਜਲੰਧਰ, 20 ਜਨਵਰੀ
ਆਦਮਪੁਰ ਥਾਣੇ ਵਿੱਚੋਂ ਹਾਈਵੇਅ ਲੁਟੇਰਾ ਗਰੋਹ ਨਾਲ ਸਬੰਧਤ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਉਸ ਦੀ ਪਛਾਣ ਰਾਜਾ ਅੰਬਰਸਰੀਆ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਸੀਆਈਏ ਸਟਾਫ ਜਲੰਧਰ ਦਿਹਾਤ ਥਾਣੇ ਦੀ ਟੀਮ ਨੇ ਵੀਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਆਦਮਪੁਰ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਰਾਜਾ ਅੰਬਰਸਰੀਆ ਵੀਰਵਾਰ ਰਾਤ ਨੂੰ ਆਦਮਪੁਰ ਥਾਣੇ ਵਿੱਚ ਸੀ। ਇਸ ਦੌਰਾਨ ਥਾਣਾ ਆਦਮਪੁਰ ਦੇ ਐਸਐਚਓ ਮਨਜੀਤ ਸਿੰਘ ਛੁੱਟੀ ’ਤੇ ਸਨ। ਇਸ ਦੌਰਾਨ ਮੁਲਜ਼ਮ ਥਾਣੇ ’ਚੋਂ ਫ਼ਰਾਰ ਹੋ ਗਿਆ।
ਪੁਲੀਸ ਅਧਿਕਰੀਆਂ ਅਨੁਸਾਰ ਪੀਐੱਚਜੀ ਦਾ ਜਵਾਨ ਮਨਜੀਤ ਸਿੰਘ ਸੰਤਰੀ ਦੀ ਡਿਊਟੀ ਕਰ ਰਿਹਾ ਸੀ ਵੀਰਵਾਰ ਸ਼ਾਮ ਨੂੰ ਸੀਆਈਏ ਸਟਾਫ ਦੀ ਟੀਮ ਪੁੱਛ-ਪੜਤਾਲ ਕਰਨ ਤੋਂ ਬਾਅਦ ਅਜੈਪਾਲ ਉਰਫ਼ ਰਾਜਾ ਅੰਬਰਸਰੀਆ ਨੂੰ ਆਦਮਪੁਰ ਪੁਲੀਸ ਸਟੇਸ਼ਨ ਛੱਡ ਗਈ ਸੀ। ਮਨਜੀਤ ਸਿੰਘ ਜਦੋਂ ਮੁਲਜ਼ਮ ਨੂੰ ਹਵਾਲਾਤ ਵਿੱਚ ਬੰਦ ਕਰਨ ਲੱਗਾ ਤਾਂ ਉਹ ਉਸ ਨੂੰ ਧੱਕਾ ਮਾਰ ਕੇ ਦੌੜ ਗਿਆ। ਮਨਜੀਤ ਸਿੰਘ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਲੱਗਾ।
ਇਸੇ ਦੌਰਾਨ ਮੁਲਜ਼ਮ ਸੁਰਿੰਦਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਜੋ ਕੇਨਰਾ ਬੈਂਕ ਚੁਹੜਵਾਲੀ ਵਿੱਚ ਲੋਨ ਅਫ਼ਸਰ ਹੈ, ਕੋਲੋਂ ਉਸ ਦੀ ਕਾਰ ਖੋਹ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਨੂੰ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਅੰਮ੍ਰਿਤਸਰ ਸਣੇ ਵੱਖ-ਵੱਖ ਸਰਹੱਦੀ ਇਲਾਕਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਰਾਜਾ ਅੰਬਰਸਰੀਆ ਦਾ ਅਸਲੀ ਨਾਂ ਅਜੈਪਾਲ ਹੈ। ਉਹ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਕਈ ਕੇਸ ਦਰਜ ਹਨ। ਮੁਲਜ਼ਮ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਨ। ਪੁਲੀਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲੀਸ ਨੇ ਮੁਲਜ਼ਮ ਦਾ ਕਰੀਬ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਅੱਜ ਮੁਲਜ਼ਮ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਆਦਮਪੁਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਅੰਬਰਸਰੀਆ ਨੂੰ ਸੀਆਈਏ ਸਟਾਫ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲੀਸ ਨੇ ਅੰਮ੍ਰਿਤਸਰ ਦੇ ਪਿੰਡ ਲਾਹੌਰੀ ਮੱਲ ਵਿੱਚ ਛਾਪਾ ਮਾਰਿਆ ਸੀ। ਪੁਲੀਸ ਨੇ ਉਸ ਦੇ ਘਰੋਂ ਇੱਕ ਆਈਫੋਨ-15 ਪ੍ਰੋ, ਇੱਕ ਹੋਰ ਫੋਨ, ਸਮਾਰਟ ਘੜੀ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਸੀਆਈਏ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, 5 ਮੈਗਜ਼ੀਨ ਤੇ ਕਾਰਤੂਸ ਅਤੇ ਕਰੀਬ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।