ਦਰਜਾ ਚਾਰ ਦੇ ਦੋ ਹਜ਼ਾਰ ਮੁਲਾਜ਼ਮ ਰੱਖਣ ਲਈ ਰਾਹ ਪੱਧਰਾ
ਪਾਲ ਸਿੰਘ ਨੌਲੀ
ਜਲੰਧਰ, 28 ਅਕਤੂਬਰ
ਨਗਰ ਨਿਗਮ ਹਾਊਸ ਦੀ ਅੱਧਾ ਘੰਟਾ ਚੱਲੀ ਮੀਟਿੰਗ ਦੌਰਾਨ ਏਜੰਡਾ ਸਿਰਫ ਇਕ ਮਿੰਟ ’ਚ ਹੀ ਪਾਸ ਕਰ ਦਿੱਤਾ ਗਿਆ। ਪਾਸ ਕੀਤੇ ਗਏ ਏਜੰਡੇ ਅਨੁਸਾਰ ਨਗਰ ਨਿਗਮ ਵੱਲੋਂ ਦਰਜਾ ਚਾਰ ਦੇ ਦੋ ਹਜ਼ਾਰ ਮੁਲਾਜ਼ਮ ਰੱਖੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਵਿੱਚ 995 ਸਫਾਈ ਸੇਵਕ, 500 ਮਾਲੀ ਤੇ 500 ਹੋਰ ਮੁਲਾਜ਼ਮ ਸ਼ਾਮਲ ਹਨ। ਰੈੱਡ ਕਰਾਸ ਭਵਨ ਵਿੱਚ ਹਾਊਸ ਦੀ ਹੋਈ ਮੀਟਿੰਗ ਦੌਰਾਨ ਭਾਜਪਾ ਦੀਆਂ ਤਿੰਨ ਮਹਿਲਾ ਕੌਂਸਲਰਾਂ ਨੇ ਸਟੇਜ ’ਤੇ ਚੜ੍ਹ ਕੇ ਮੇਅਰ ਜਗਦੀਸ਼ ਰਾਜਾ ਨੂੰ ਘੇਰਿਆ ਤੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਭਾਜਪਾ ਕੌਂਸਲਰਾਂ ਸ਼ਵੇਤਾ ਧੀਰ, ਸ਼ੈਲੀ ਖੰਨਾ ਅਤੇ ਚਰਨਜੀਤ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡਾਂ ਨਾਲ ਵਿਕਾਸ ਦੇ ਮਾਮਲੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਚਾਰ ਵਾਰ ਲਗਾਤਾਰ ਜਿੱਤੇ ਕਾਂਗਰਸ ਦੇ ਕੌਂਸਲਰ ਦੇਸ ਰਾਜ ਜੱਸਲ ਨੇ ਆਪਣੀ ਹੀ ਪਾਰਟੀ ਦੇ ਮੇਅਰ ਜਗਦੀਸ਼ ਰਾਜਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ’ਤੇ ਬਦਲਣ ਦੀ ਮੰਗ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਜੋ ਦੋ ਹਜ਼ਾਰ ਮੁਲਾਜ਼ਮ ਭਰਤੀ ਕਰਨ ਦਾ ਮਤਾ ਹੁਣ ਪਾਸ ਕੀਤਾ ਗਿਆ ਹੈ ਇਹ ਚਾਰ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਸ਼ਹਿਰ ਕਿਉਂ ਨਰਕ ਬਣਾ ਕੇ ਰੱਖਿਆ ਹੋਇਆ ਹੈ?
ਸੀਨੀਅਰ ਕਾਂਗਰਸੀ ਆਗੂ ਦੇਸ ਰਾਜ ਜੱਸਲ ਨੇ ਇਥੋਂ ਤੱਕ ਕਿਹਾ ਕਿ ਜੇਕਰ ਮੇਅਰ ਨਾ ਬਦਲਿਆ ਗਿਆ ਤਾਂ ਕਾਂਗਰਸ ਜਲੰਧਰ ਸ਼ਹਿਰ ਦੀਆਂ ਚਾਰੇ ਸੀਟਾਂ ਬੁਰੀ ਤਰ੍ਹਾਂ ਹਾਰੇਗੀ। ਸ੍ਰੀ ਜੱਸਲ ਨੇ ਕਿਹਾ ਕਿ ਮੇਅਰ ਨੂੰ ਛੱਡ ਕੇ 79 ਕੌਂਸਲਰ ਹਨ ਜਿਨ੍ਹਾਂ ਨੇ ਆਪੋ ਆਪਣੇ ਵਾਰਡਾਂ ਦੇ ਮਸਲੇ ਰੱਖਣੇ ਸਨ ਪਰ ਇੱਕ ਮਿੰਟ ਵਿੱਚ ਹੀ ਮਤਾ ਪੜ੍ਹ ਦਿੱਤਾ ਗਿਆ ਤੇ ਟਰਾਲੀਆਂ ਖਰੀਦਣ ਦੀ ਮੱਦ ਨੂੰ ਛੱਡ ਕੇ ਬਾਕੀ ਸਾਰਾ ਮਤਾ ਬਿਨਾਂ ਚਰਚਾ ਕੀਤਿਆਂ ਹੀ ਪਾਸ ਹੋ ਗਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿੱਧਰ ਦਾ ਲੋਕਤੰਤਰ ਹੈ? ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਕੌਂਸਲਰ ਹਾਜ਼ਰ ਨਹੀਂ ਹੋਇਆ ਜਦਕਿ ਭਾਜਪਾ ਕੌਂਸਲਰਾਂ ਨੇ ਹੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਨੋਟ : ਫੋਟੋ ਮਲਕੀਅਤ ਸਿੰਘ ਵੱਲੋਂ ਭੇਜੀ ਗਈ ਹੈ।