ਕੇਪੀ ਸਿੰਘ
ਗੁਰਦਾਸਪੁਰ, 13 ਜੂਨ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਸਮਝੌਤੇ ਬਾਅਦ ਦੋਵਾਂ ਪਾਰਟੀਆਂ ਦੇ ਜ਼ਿਲ੍ਹਾ ਪੱਧਰੀ ਆਗੂਆਂ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਅਕਾਲੀ ਦਲ ਦੇ ਏਜੀਐੱਮ ਮਾਲ ਸਥਿਤ ਜ਼ਿਲ੍ਹਾ ਦਫ਼ਤਰ ਵਿੱਚ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਇਤਿਹਾਸਕ ਹੈ ਅਤੇ ਇਸ ਗੱਠਜੋੜ ਮਗਰੋਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਵਿੱਚੋਂ ਕਾਂਗਰਸ ਦਾ ਸਫ਼ਾਇਆ ਤੈਅ ਹੈ। ਬੱਬੇਹਾਲੀ ਨੇ ਕਿਹਾ ਕਿ ਜੋ ਸੀਟਾਂ ਬਹੁਜਨ ਸਮਾਜ ਨੂੰ ਸਮਝੌਤੇ ਤਹਿਤ ਦਿੱਤੀਆਂ ਗਈਆਂ ਹਨ ਉਨ੍ਹਾਂ ਸੀਟਾਂ ਤੇ ਬਸਪਾ ਨੇਤਾਵਾਂ ਦੀ ਅਕਾਲੀ ਵਰਕਰ ਡਟਵੀਂ ਹਮਾਇਤ ਕਰਨਗੇ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਭਗਤ ਨੇ ਕਿਹਾ ਕਿ ਇਸ ਗੱਠਜੋੜ ਮਗਰੋਂ ਬਸਪਾ ਕਾਰਕੁਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਅਕਾਲੀ ਦਲ ਅਤੇ ਬਹੁਜਨ ਸਮਾਜ ਦੀਆਂ ਨੀਤੀਆਂ ਇਕਦਮ ਮੇਲ ਖਾਂਦੀਆਂ ਹਨ। ਬਸਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਾਰੰਗਲ, ਕੋਆਰਡੀਨੇਟਰ ਧਰਮਪਾਲ ਭਗਤ, ਵਿਧਾਨਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਸਿੰਗਲ ਕੁਮਾਰ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਵੀ ਮੌਜੂਦ ਸਨ।