ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 20 ਜੁਲਾਈ
ਇਥੇੇ ਬਣ ਰਹੇ ਪੁਲ ਦੇ ਰੁਕੇ ਕੰਮ ਤੇ ਸਰਵਿਸ ਲੇਨ ਨੂੰ ਲੈ ਕੇ ਬੰਦ ਦੀ ਕਾਲ ਦਾ ਅਸਰ ਮੀਂਹ ਦੇ ਬਾਵਜੂਦ ਅੱਜ ਭਰਵਾਂ ਵੇਖਣ ਨੂੰ ਮਿਲਿਆ। ਸਵੇਰੇੇ ਵੱਡੀ ਗਿਣਤੀ ’ਚ ਸ਼ਹਿਰ ਤੇ ਇਲਾਕਾ ਵਾਸੀ ਭਾਰੀ ਮੀਂਹ ’ਚ ਛਤਰੀਆਂ ਲੈ ਕੇ ਸਥਾਨਕ ਘੰਟਾ ਘਰ ਵਿੱਚ ਜਲੰਧਰ ਹੁਸ਼ਿਆਰਪੁਰ ਮੁੱਖ ਸੜਕ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲ ਸੰਘਰਸ਼ ਕਮੇਟੀ ਦੇ ਪ੍ਰਧਾਨ ਪਵਨ ਆਵਲ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸੱਤਪਾਲ ਬਜਾਜ, ਜਗਦੀਸ਼ ਪਸਰੀਚਾ ਵਿਉਪਾਰ ਮੰਡਲ ਦੇ ਪ੍ਰਧਾਨ ਸਤਵਿੰਦਰ ਅਰੋੜਾ ਤੇ ਰੋਮੀ ਤੇ ਪ੍ਰਸ਼ੋਤਮ ਹੀਰ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਕੱਲ੍ਹ ਦੀ ਗੱਲ ਬਾਤ ’ਚ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਸਾਰੇ ਸ਼ਹਿਰ ਵਾਸੀ ਹੁਣ ਇਸ ਮਾਮਲੇ ਦਾ ਹੱਲ ਚਾਹੁੰਦੇ ਹਨ। ਆਦਮਪੁਰ ’ਚ ਦੇਰ ਸ਼ਾਮ ਤੱਕ ਲੱਗੇ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ਜਿਸਤੇ ਪੁਲ ਸੰਘਰਸ਼ ਕਮੇਟੀ ਵੱਲੋਂ ਅੱਜ ਦੇ ਧਰਨੇ ਦੀ ਸਮਾਪਤੀ ਮਗਰੋਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ 25 ਜੁਲਾਈ ਤੱਕ ਮਸਲੇ ਦੇ ਹੱਲ ਸਬੰਧੀ ਪਹਿਲਕਦਮੀ ਨਾ ਹੋਈ ਤਾਂ ਸ਼ਹਿਰ ਵਾਸੀ ਅਣਮਿੱਥੇ ਸਮੇਂ ਲਈ ਸੰਘਰਸ਼ ਨੂੰ ਮਜਬੂਰ ਹੋਣਗੇ। ਬੀਤੇ ਦਿਨ ਵੀ ਉਨਾਂ ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਆਲਾ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਲੈ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਵੀ ਪਹੁੰਚ ਕਰਨਗੇ ਤੇ ਇਸ ਮਾਮਲੇ ਦੇ ਹੱਲ ਤੱਕ ਆਰਾਮ ਨਾਲ ਨਹੀਂ ਬੈਠਣਗੇ।
ਪੁਲ ਦੇ ਮਾਮਲੇ ਸਬੰਧੀ ਵਿਧਾਇਕ ਕੋਟਲੀ ਵੱਲੋਂ ਮੰਤਰੀ ਨਾਲ ਮੁਲਾਕਾਤ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ) ਆਦਮਪੁਰ ਪੁਲ ਦਾ ਨਿਰਮਾਣ ਦੇ ਸਬੰਧ ਵਿੱਚ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਪੰਜਾਬ ਸਰਕਾਰ ਦੇ ਪੀਡਬਲਯੂਡੀ ਮੰਤਰੀ ਹਰਭਜਨ ਸਿੰਘ ਤੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਆਈ.ਏ.ਐਸ, ਸਕੱਤਰ ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ. ਪੀਡਬਲਊਡੀ, ਚੀਫ ਇੰਜਨੀਅਰ ਅਤੇ ਹੋਰ ਅਧਿਕਾਰੀਆਂ ਨਾਲ ਸੱਕਤਰੇਤ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਰੁਕੇ ਹੋਏ ਆਦਮਪੁਰ ਪੁਲ ਦੇ ਨਿਰਮਾਣ ਅਤੇ ਸਰਵਿਸ ਰੋਡ ਬਾਰੇ ਜਾਣਕਾਰੀ ਹਾਸਲ ਕਰਕੇ ਨਿਰਮਾਣ ਵਿਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁਲਾਕਾਤ ਦੌਰਾਨ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਤਕਨੀਕੀ ਕਾਰਨਾਂ ਕਾਰਨ ਪੁਲ ਦੇ ਨਿਰਮਾਣ ਵਿੱਚ ਦੇਰੀ ਹੋ ਰਹੀ ਹੈ। ਵਿਧਾਇਕ ਕੋਟਲੀ ਨੇ ਕਿਹਾ ਕਿ ਉਹ ਪੁਲ ਦੀ ਉਸਾਰੀ ਲਈ ਯਤਨਸ਼ੀਲ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੜਾਈ ਲੜ ਰਹੇ ਹਨ। ਇਸ ਦੌਰਾਨ ਮੰਤਰੀ ਤੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੁਲ ਦਾ ਨਿਰਮਾਣ ਤੇ ਸਰਵਿਸ ਲੇਨ ਨੂੰ ਜਲਦੀ ਮੁਕੰਮਲ ਕਰਾਇਆ ਜਾਵੇਗਾ। ਅਧਿਕਾਰੀਆਂ ਦੇ ਭਰੋਸੇ ’ਤੇ ਵਿਧਾਇਕਕੋਟਲੀ ਨੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਪੁਲ ਤੇ ਸਰਵਿਸ ਰੋਡ ਦੀ ਉਸਾਰੀ ਲਈ ਅਣਗਹਿਲੀ ਕਰਨ ਤੇ ਦੇਰੀ ਕਰਨ ਵਾਲੀ ਕੰਪਨੀ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਪਨੀ ਤੋਂ ਕੰਮ ਵਾਪਸ ਲੈ ਕੇ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇ।
ਖੰਨਾ ਰੇਲ ਮੁੱਦਿਆਂ ’ਤੇ ਕੇਂਦਰੀ ਰੇਲ ਮੰਤਰੀ ਨੂੰ ਮਿਲੇ
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰੇਲਵੇ ਨਾਲ ਸਬੰਧਤ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਹੋਰਨਾਂ ਮਹੱਤਵਪੂਰਨ ਮੁੱਦਿਆਂ ’ਤੇ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ। ਸ੍ਰੀ ਖੰਨਾ ਨੇ ਕੇਂਦਰੀ ਰੇਲ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਹੁਸ਼ਿਆਰਪੁਰ-ਦਿੱਲੀ ਜਾਣ ਵਾਲੀ ਰੇਲ ਗੱਡੀ ਦਿੱਲੀ ਜਾ ਕੇ ਕਈ ਘੰਟੇ ਰੇਲਵੇ ਸਟੇਸ਼ਨ ’ਤੇ ਖੜ੍ਹੀ ਰਹਿੰਦੀ ਹੈ। ਉਨ੍ਹਾਂ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਇਸ ਰੇਲ ਗੱਡੀ ਨੂੰ ਜੇ ਹੁਸ਼ਿਆਰਪੁਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਆਗਰਾ ਤੇ ਬ੍ਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਰੋਕ ਦਿੱਤਾ ਜਾਵੇ ਤਾਂ ਇਨ੍ਹਾਂ ਸ਼ਰਧਾਲੂਆਂ ਨੂੰ ਕਾਫ਼ੀ ਸੁਵਿਧਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਜੰਮੂ-ਕਟੜਾ ਜਾਣ ਵਾਲੇ ਲੋਕਾਂ ਨੂੰ ਸੜਕੀ ਮਾਰਗ ਰਾਹੀਂ ਜਾਣਾ ਪੈਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਤੇ ਪੈਸੇ ਬਰਬਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਟੜਾ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ ਨੂੰ ਵਾਇਆ ਚੰਡੀਗੜ੍ਹ ਕਰ ਦਿੱਤਾ ਜਾਵੇ ਤਾਂ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ।