ਪਾਲ ਸਿੰਘ ਨੌਲੀ
ਜਲੰਧਰ, 23 ਜੁਲਾਈ
ਮੰਡ ਇਲਾਕੇ ਵਿੱਚ ਤਿੰਨ ਥਾਵਾਂ ’ਤੇ ਬਿਆਸ ਦਰਿਆ ਵੱਲੋਂ ਐਡਵਾਂਸ ਬੰਨ੍ਹ ਨੂੰ ਢਾਅ ਮਾਰੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ 15,000 ਏਕੜ ਫਸਲ ਲਈ ਖਤਰਾ ਖੜ੍ਹਾ ਹੋ ਗਿਆ ਹੈ। ਪਿੰਡਾਂ ਦੇ ਕਿਸਾਨ ਦਿਨ-ਰਾਤ ਮਿੱਟੀ ਦੇ ਬੋਰੇ ਭਰ-ਭਰ ਕੇ ਬਿਆਸ ਦਰਿਆ ਦੀ ਢਾਅ ਲੱਗਣ ਨਾਲ ਕਮਜ਼ੋਰ ਹੋ ਰਹੇ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਇਸ ਸਾਲ ਸਾਉਣ ਮਹੀਨੇ ਦੀ ਪਹਿਲੀ ਝੜੀ ਨੇ ਹੀ ਦਰਿਆਵਾਂ ਵਿੱਚ ਪਾਣੀ ਵਧਾ ਦਿੱਤਾ ਹੈ। ਤਿੰਨ੍ਹਾਂ ਥਾਵਾਂ ’ਤੇ ਢਾਅ ਲੱਗਣ ਨਾਲ ਅਡਵਾਂਸ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਹਰ ਹੀਲਾ ਵਰਤ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਭਾਰੀ ਮੁਸ਼ੱਕਤ ਕੀਤੀ ਜਾ ਰਹੀ ਹੈ। ਇਸ ਕੰਮ ਲਈ ਜਿੱਥੇ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਹਨ ਉਥੇ ਦਰਿਆ ਵਿੱਚ ਕਾਹੀ ਵੱਢ ਕੇ ਤੇ ਦਰੱਖਤਾਂ ਦੇ ਛਾਪਿਆਂ ਤੇ ਬੱਲੀਆਂ ਨਾਲ ਢਾਅ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਕਸ਼ਮੀਰ ਸਿੰਘ ਅਤੇ ਸ਼ਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ 50 ਸਾਲਾਂ ਦੌਰਾਨ ਕਿਸੇ ਵੀ ਸੂਬਾ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ।2008 ਵਿੱਚ ਪਹਿਲੀ ਵਾਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੀਂ ਮਸ਼ੀਨ ਭੇਜ ਕੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ 12 ਪਿੰਡਾਂ ਨੂੰ ਹੜ੍ਹਾਂ ਤੋਂ ਮੁਕਤੀ ਦਾ ਮੁੱਢ ਬੰਨ੍ਹਿਆ ਸੀ। ਇਸ ਬੰਨ੍ਹ ਨੂੰ ਹਰ ਸਾਲ ਕਿਸਾਨ 5-7 ਲੱਖ ਰੁਪਏ ਖਰਚ ਕਰ ਮਜ਼ਬੂਤ ਰੱਖਣ ਦਾ ਯਤਨ ਕਰਦੇ ਆ ਰਹੇ ਹਨ। ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ, ਹਜ਼ਾਰਾ, ਚੱਕ, ਕਰਮੂਵਾਲ, ਧੁੰਨ, ਗੁੱਦੇ, ਫਤਿਹਵਾਲ, ਗਾਮੇ-ਜਾਮੇਵਾਲ, ਸਰੂਪਵਾਲ, ਸ਼ੇਖ ਮਾਂਗਾ, ਭਰੋਆਣਾ, ਤਕੀਆ, ਫਤਿਹਵਾਲ ਆਦਿ ਪਿੰਡ ਪਵਿੱਤਰ ਵੇਈਂ ਅਤੇ ਦਰਿਆ ਬਿਆਸ ਦੇ ਬੰਨ੍ਹ ਕਮਜ਼ੋਰ ਹੋਣ ਕਰਕੇ ਦਹਾਕਿਆਂ ਤੋਂ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਹਨ।