ਨਵਾਂ ਸ਼ਹਿਰ (ਸੁਰਜੀਤ ਮਜਾਰੀ): ਕਿਸਾਨ ਅੰਦੋਲਨ ਦੇ ਚੱਲਦਿਆਂ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਿਆਸੇ ਨੂੰ ਖੂਹ ਕੋਲ ਚੱਲ ਕੇ ਆਉਣ ਵਾਲੇ ਬਿਆਨ ’ਤੇ ਤਨਜ਼ ਕੱਸਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸ੍ਰੀ ਸਿੱਧੂ ਨੂੰ ਤਾਂ ਬੋਲਣ ਦਾ ਪਤਾ ਨਹੀਂ। ਉਹ ਬਸਪਾ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ’ਚ ਸੂਬਾ ਵਿਆਪੀ ਪ੍ਰੋਗਰਾਮ ਤਹਿਤ ਇੱਥੇ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸਾਨੀ ਅੰਦੋਲਨ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਕੇਂਦਰ ਸਰਕਾਰ ਵਲੋਂ ਕੋਈ ਸੁਣਵਾਈ ਨਾ ਕਰਨ ਨੂੰ ਮੰਦਭਾਗਾ ਦੱਸਿਆ। ਬਸਪਾ ਵਰਕਰਾਂ ਵੱਲੋਂ ਸਥਾਨਕ ਬੱਸ ਅੱਡੇ ਤੋਂ ਜ਼ਿਲ੍ਹਾ ਕੰਪਲੈਕਸ ਤੱਕ ਰੋਸ ਮਾਰਚ ਵੀ ਕੀਤਾ ਗਿਆ ਅਤੇ ਪ੍ਰਸ਼ਾਸਨ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਰਤੀ ਤੇ ਕਿਸਾਨ ਵਰਗ ਨੂੰ ਗੁਲਾਮ ਵਿਵਸਥਾ ’ਚ ਲਪੇਟਣ ਦੀ ਲੁੱਕਵੀਂ ਚਾਲ ਹੈ। ਉਨ੍ਹਾਂ 2022 ’ਚ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ/ਬਸਪਾ ਗੱਠਜੋੜ ਦੇ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਵਾਂ ਸ਼ਹਿਰ ਤੋਂ ਬਸਪਾ ਉਮੀਦਵਾਰ ਡਾ. ਨਛੱਤਰ ਪਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਬਸਪਾ ਦੇ ਸੂਬਾਈ ਸਕੱਤਰ ਪ੍ਰਵੀਨ ਬੰਗਾ ਆਦਿ ਸ਼ਾਮਲ ਸਨ।