ਜਸਬੀਰ ਸਿੰਘ ਚਾਨਾ
ਫਗਵਾੜਾ, 29 ਮਈ
ਇੱਥੋਂ ਦੇ ਜੀ.ਟੀ. ਰੋਡ ’ਤੇ ਇੱਕ ਪਸ਼ੂ ਦੇ ਸੜਕ ਵਿਚਕਾਰ ਆ ਜਾਣ ਕਾਰਨ ਪੰਜ ਗੱਡੀਆਂ ਆਪਸ ’ਚ ਟਕਰਾ ਗਈਆਂ ਜਿਸ ਕਾਰਨ ਗੱਡੀਆਂ ਨੂੰ ਕਾਫੀ ਨੁਕਸਾਨ ਪੁੱਜਿਆ। ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਪਰਿਵਾਰ ਅੱਗੇ ਅਚਾਨਕ ਪਸ਼ੂ ਆ ਗਿਆ ਜਿਸ ਕਾਰਨ ਤਿੰਨ ਗੱਡੀਆਂ ਇੱਕ ਦੂਸਰੇ ’ਚ ਪਿੱਛੋਂ ਦੀ ਵੱਜ ਗਈਆਂ। ਜਦੋਂ ਇਸ ਪਸ਼ੂ ਨੇ ਸੜਕ ਪਾਰ ਕੀਤੀ ਤਾਂ ਦੂਸਰੇ ਪਾਸੇ ਲੁਧਿਆਣਾ ਤੋਂ ਜਲੰਧਰ ਜਾ ਰਹੀਆਂ ਦੋ ਹੋਰ ਗੱਡੀਆਂ ਟਕਰਾ ਗਈਆਂ। ਲੁਧਿਆਣਾ ਦੇ ਵਾਸੀ ਗੁਰਮੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਸ਼ੂਆਂ ਨੂੰ ਕਾਬੂ ਕਰਨ ਲਈ ਕੋਈ ਯੋਜਨਾ ਬਣਾਈ ਜਾਵੇ ਤਾਂ ਜੋ ਵਾਪਰ ਰਹੀਆ ਘਟਨਾਵਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਾਰਾਂ ’ਚ ਸਵਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਪਸ਼ੂ ਦੀ ਵੀ ਮੌਤ ਹੋ ਗਈ।
ਆਦਮਪੁਰ ਨੇੜੇ ਟਿੱਪਰ ਨਹਿਰ ਵਿੱਚ ਡਿੱਗਿਆ
ਆਦਮਪੁਰ ਦੋਆਾਬਾ (ਪੱਤਰ ਪ੍ਰੇਰਕ): ਪਿੰਡ ਕੰਦੋਲਾ ਨੇੜੇ ਟਿੱਪਰ ਨਹਿਰ ਵਿੱਚ ਜਾ ਡਿੱਗਿਆ ਜਿਸ ਕਾਰਨ ਟਿੱਪਰ ਡਰਾਈਵਰ ਸਮੇਤ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬੱਚ ਗਏ। ਜਾਣਕਾਰੀ ਅਨੁਸਾਰ ਰੋਪੜ-ਆਦਮਪੁਰ ਬਿਸਤ ਦੁਆਬ ਨਹਿਰ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੌਰਾਨ ਸੜਕ ਕੰਢੇ ਮਿੱਟੀ ਪਾਉਣ ਦਾ ਕੰਮ ਕਰ ਰਿਹਾ ਟਿੱਪਰ (ਨੰਬਰ ਪੀਬੀ 08-ਈ ਟੀ-0238) ਮਿੱਟੀ ਪਾ ਕੇ ਡਰੋਲੀ ਤੋਂ ਆਦਮਪੁਰ ਵੱਲ ਆ ਰਿਹਾ ਸੀ, ਜਦੋਂ ਉਹ ਪਿੰਡ ਕੰਦੋਲਾ ਨੇੜੇ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਂਦਿਆ ਟਿੱਪਰ ਨਹਿਰ ਵਿੱਚ ਜਾ ਡਿੱਗਿਆ। ਟਿੱਪਰ ਵਿੱਚ ਡਰਾਈਵਰ ਸਮੇਤ ਸਵਾਰ 3 ਵਿਅਕਤੀ ਵਾਲ-ਵਾਲ ਬੱਚ ਗਏ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।