ਸੁਰਜੀਤ ਮਜਾਰੀ
ਬੰਗਾ, 9 ਅਪਰੈਲ
ਆਮ ਆਦਮੀ ਪਾਰਟੀ ਲਈ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ’ਚ ਉਤਾਰੇ ਗਏ ਮਾਲਵਿੰਦਰ ਸਿੰਘ ਕੰਗ ਦੀ ਚੋਣ ਤਿਆਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ‘ਖਾਸ’ ਨਜ਼ਰ ਰੱਖ ਰਹੇ ਹਨ। ਇਸ ਦਾ ਵੱਡਾ ਕਾਰਨ ਇਸ ਹਲਕੇ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਸ਼ਾਮਲ ਹੋਣਾ ਮੰਨਿਆ ਜਾ ਰਿਹਾ ਹੈ। ਇਸ ਹਲਕੇ ਦੇ ਮੋਹਰੀ ਆਗੂਆਂ ਨਾਲ ਕੀਤੀ ਮਿਲਣੀ ’ਚ ਮੁੱਖ ਮੰਤਰੀ ਵਲੋਂ ਇੱਥੋਂ ਵੱਧ ਲੀਡ ਵਾਲੀ ਜਿੱਤ ਯਕੀਨੀ ਬਣਾਉਣ ਲਈ ਕਹੇ ਜਾਣ ਬਾਰੇ ਵੀ ਪਤਾ ਲੱਗਿਆ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਖ ਰੱਖੇ ‘ਸਮੂਹਿਕ ਵਰਤ’ ਮੌਕੇ ਸਟੇਜ ਦਾ ਸੰਚਾਲਨ ਵੀ ਮਾਲਵਿੰਦਰ ਸਿੰਘ ਕੰਗ ਕੋਲੋਂ ਕਰਵਾਇਆ ਅਤੇ ਇਸ ਹਲਕੇ ਨਾਲ ਸਬੰਧਤ ਡਿਪਟੀ ਸਪੀਕਰ, ਦੋ ਵਜ਼ੀਰਾਂ, ਤਿੰਨ ਵਿਧਾਇਕਾਂ ਤੇ ਦੋ ਚੇਅਰਮੈਨਾਂ ਨੂੰ ਆਪਣੇ ਕੋਲ ਸੱਦ ਕੇ ਜਿੱਤ ਯਕੀਨੀ ਬਣਾਉਣ ਲਈ ਨੁਕਤੇ ਸਾਂਝੇ ਕੀਤੇ ਸਨ।
ਮੁੱਖ ਮੰਤਰੀ ਦੀ ਤਵੱਜੋ ਦਾ ਹੀ ਨਤੀਜਾ ਹੈ ਕਿ ਮਾਲਵਿੰਦਰ ਸਿੰਘ ਕੰਗ ਲਈ ਗੜ੍ਹਸ਼ੰਕਰ ’ਚ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ, ਖਰੜ ’ਚ ਵਜ਼ੀਰ ਅਨਮੋਲ ਗਗਨ ਮਾਨ, ਆਨੰਦਪੁਰ ਸਾਹਿਬ ’ਚ ਵਜ਼ੀਰ ਹਰਜੋਤ ਸਿੰਘ ਬੈਂਸ, ਰੋਪੜ, ਚਮਕੌਰ ਸਾਹਿਬ, ਬਲਾਚੌਰ, ਮੁਹਾਲੀ ’ਚ ਕ੍ਰਮਵਾਰ ਵਿਧਾਇਕ ਦਿਨੇਸ਼ ਚੱਢਾ, ਡਾ. ਚਰਨਜੀਤ ਚੰਨੀ, ਬੀਬੀ ਸੰਤੋਸ਼ ਕਟਾਰੀਆ, ਕੁਲਵੰਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਅਤੇ ਲਲਿਤ ਮੋਹਨ ਪਾਠਕ ਕ੍ਰਮਵਾਰ ਬੰਗਾ ਅਤੇ ਨਵਾਂ ਸ਼ਹਿਰ ’ਚ ਬੂਥ ਪੱਧਰ ’ਤੇ ਡਟ ਗਏ ਹਨ। ਕਾਬਿਲੇਗ਼ੌਰ ਹੈ ਕਿ ਕੰਗ ‘ਆਪ’ ਦੇ ਪੰਜਾਬ ਵਿੱਚ ਮੁੱਖ ਬੁਲਾਰੇ ਹਨ ਅਤੇ ਪਾਰਟੀ ਨੇ ਪਹਿਲਾਂ ਹੀ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਦਾ ਇੰਚਾਰਜ ਵੀ ਲਾ ਦਿੱਤਾ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਚੋਣ ’ਚ ਮਾਲਵਿੰਦਰ ਸਿੰਘ ਕੰਗ ਮੋਹਰਲੇ ਪ੍ਰਚਾਰਕਾਂ ’ਚ ਵੀ ਸ਼ਾਮਲ ਸਨ। ਇਸ ਦੇ ਇਵਜ਼ ਵਜੋਂ ਵੀ ਉਹ ਕੰਗ ਲਈ ਇਸ ਹਲਕੇ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।