ਜਲੰਧਰ (ਪੱਤਰ ਪ੍ਰੇਰਕ): ਵਾਢੀ ਦਾ ਕੰਮ ਹੁਣ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਤੇਜ਼ੀ ਨਾਲ ਕਣਕ ਮੰਡੀਆਂ ਵਿਚ ਆ ਰਹੀ ਹੈ, ਇਸ ਦੌਰਾਨ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੀ ਚਿੰਤਾ ਡੂੰਘੀ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੋਈ ਬੱਦਲਵਾਈ ਅਤੇ ਕਿਣਮਿਣ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾਈ ਰੱਖਿਆ। ਖੇਤਾਂ ਵਿਚ ਭਾਵੇਂ ਕੰਬਾਈਨਾਂ ਚੱਲਦੀਆਂ ਰਹੀਆਂ ਪਰ ਕਿਸਾਨਾਂ ਤੇ ਮਜ਼ਦੂਰਾਂ ਦਾ ਧਿਆਨ ਆਸਮਾਨ ਵੱਲ ਹੀ ਲੱਗਾ ਹੋਇਆ ਸੀ, ਜਦੋਂ ਕਾਲੇ ਬੱਦਲ ਗੜਕਦੇ ਰਹੇ। ਉਧਰ ਕਹਿਰ ਦੀ ਗਰਮੀ ਤੋਂ ਭਾਵੇਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਬੱਦਲਵਾਈ ਦੌਰਾਨ ਮੰਡੀਆਂ ਵਿਚ ਵੀ ਕਣਕ ਨੂੰ ਸੰਭਾਲਣ ’ਤੇ ਜ਼ੋਰ ਲੱਗਾ ਹੋਇਆ ਸੀ। ਖਰੀਦੀ ਹੋਈ ਕਣਕ ਨੂੰ ਬੋਰੀਆਂ ਵਿਚ ਪਾਇਆ ਜਾ ਰਿਹਾ ਸੀ ਤੇ ਭਰੇ ਹੋਏ ਬੋਰਿਆਂ ਨੂੰ ਤਿਰਪਾਲਾਂ ਨਾਲ ਢਕਿਆ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਖਰੀਦ ਕੇਂਦਰਾਂ ’ਤੇ ਤਿਰਪਾਲ ਭੇਜਣ ਅਤੇ ਢੁੱਕਵੇਂ ਪ੍ਰਬੰਧ ਦਾ ਦਾਅਵਾ ਕੀਤਾ ਜਾ ਰਿਹਾ ਹੈ।