ਪਾਲ ਸਿੰਘ ਨੌਲੀ
ਜਲੰਧਰ, 4 ਅਕਤੂਬਰ
ਪੰਜਾਬ ਸਰਕਾਰ ਵੱਲੋਂ ਐਤਵਾਰ ਦਾ ਕਰਫਿਊ ਬੰਦ ਕਰਨ ਤੋਂ ਬਾਅਦ ਅੱਜ ਸਵੇਰੇ ‘ਸੰਡੇ ਮਾਰਕੀਟ’ ਲਗਾਉਣ ਲਈ ਪਹੁੰਚੇ ਫੜ੍ਹੀਆਂ ਵਾਲਿਆਂ ਨੂੰ ਪੁਲੀਸ ਵੱਲੋਂ ਰੋਕੇ ਜਾਣ ’ਤੇ ਉਨ੍ਹਾਂ ਹੰਗਾਮਾ ਕਰ ਦਿੱਤਾ। ਫੜ੍ਹੀਆਂ ਵਾਲਿਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਿਤੀ ਵਿਗੜਦੀ ਦੇਖ ਕੇ ਡਿਵੀਜ਼ਨ ਨੰਬਰ 4 ਤੋਂ ਵੱਡੀ ਗਿਣਤੀ ਵਿੱਚ ਪੁਲੀਸ ਦੇ ਮੁਲਾਜ਼ਮ ਪਹੁੰਚ ਗਏ।
ਪੁਲੀਸ ਨੇ ਸੰਡੇ ਬਾਜ਼ਾਰ `ਚ ਫੜ੍ਹੀਆਂ ਨਹੀਂ ਲੱਗਣ ਦਿੱਤੀਆਂ। ਪੁਲੀਸ ਦਾ ਕਹਿਣਾ ਸੀ ਕਿ ਐਤਵਾਰ ਨੂੰ ਸਿਰਫ਼ ਦੁਕਾਨਾਂ ਖੋਲ੍ਹਣ ਦੀ ਆਗਿਆ ਮਿਲੀ ਹੈ। ਫੜ੍ਹੀਆਂ ਵਾਲਿਆਂ ਵੱਲੋਂ ਇਸੇ ਆੜ ’ਚ ‘ਸੰਡੇ ਮਾਰਕੀਟ’ ਨਹੀਂ ਲਗਾਈ ਜਾ ਸਕਦੀ। ਇਸ ਦੌਰਾਨ ਫੜ੍ਹੀਆਂ ਲਗਾਉਣ ਵਾਲਿਆਂ ਦੀ ਪੁਲੀਸ ਨਾਲ ਤਿੱਖੀ ਨੋਕ-ਝੋਕ ਵੀ ਹੋਈ।
ਦੱਸਣਯੋਗ ਹੈ ਕਿ ਬੀਤੀ 24 ਮਾਰਚ ਤੋਂ ਪਹਿਲਾਂ ਭਗਵਾਨ ਵਾਲਮੀਕਿ ਚੌਕ ਤੋਂ ਸ਼ੁਰੂ ਹੋ ਕੇ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਕਲਾ ਬਾਜ਼ਾਰ ਤੇ ਗੁੜ ਮੰਡੀ ਤੱਕ ‘ਸੰਡੇ ਮਾਰਕੀਟ’ ਲੱਗਦੀ ਸੀ ਪਰ ਲੌਕਡਾਊਨ ਤੋਂ ਬਾਅਦ ਹੁਣ ਤੱਕ ਸੰਡੇ ਬਜ਼ਾਰ ਵਾਲਿਆਂ ਦਾ ਕਾਰੋਬਾਰ ਠੱਪ ਪਿਆ ਹੈ।
ਦੂਜੇ ਪਾਸੇ ਫੜ੍ਹੀਆਂ ਲਗਾਉਣ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਸਰਕਾਰ ਨੇ ਹਰ ਕੰਮ ਨੂੰ ਖੁੱਲ੍ਹ ਦੇ ਦਿੱਤੀ ਹੈ ਤਾਂ ਫਿਰ ਗ਼ਰੀਬਾਂ ਦਾ ਕੰਮ ਕਿਉਂ ਰੋਕਿਆ ਜਾ ਰਿਹਾ ਹੈ? ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਦੇਖਦਿਆਂ ਕਈ ਵਾਰ ਸੰਡੇ ਮਾਰਕੀਟ ਨੂੰ ਬਾਜ਼ਾਰ ਤੋਂ ਹਟਵਾਇਆ ਵੀ ਸੀ। ਕਰੋਨਾਵਾਇਰਸ ਮਹਾਮਾਰੀ ਨੂੰ ਦੇਖਦਿਆਂ ਐਤਵਾਰ ਬਾਜ਼ਾਰ `ਚ ਫੜ੍ਹੀਆਂ ਨਾ ਲਗਾਉਣ ਦੀਆਂ ਪੁਲੀਸ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ।