ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਸਤੰਬਰ
ਰਾਮਾਮੰਡੀ ਖੇਤਰ ਦੇ ਇੱਕ ਹੋਟਲ ’ਚ ਜਦੋਂ ਕੁੜਮਾਈ ਹੋ ਰਹੀ ਤਾਂ ਲੜਕੇ ਵਾਲਿਆਂ ਨੇ ਹੀਰੇ ਦੀ ਅੰਗੂਠੀ ਨਾ ਪਾਉਣ ’ਤੇ ਹੰਗਾਮਾ ਕਰ ਦਿੱਤਾ। ਮਾਮਲਾ ਏਨਾ ਵਿਗੜ ਗਿਆ ਕਿ ਗੱਲ ਥਾਣੇ ਜਾ ਪਹੁੰਚੀ। ਲੜਕੀ ਵਾਲਿਆਂ ਨੇ ਦੋਸ਼ ਲਾਇਆ ਕਿ ਮੁੰਡੇ ਵਾਲੇ ਉਦੋਂ ਔਖੇ ਹੋ ਗਏ ਜਦੋਂ ਉਨ੍ਹਾਂ ਹੀਰੇ ਦੀ ਅੰਗੂਠੀ ਮੰਗ ਲਈ। ਮੁੰਡੇ ਵਾਲਿਆਂ ਨੇ ਜਦੋਂ ਕੁੜੀ ਵਾਲੇ ਪਾਸੇ ਤੋਂ ਆਏ ਰਿਸ਼ਤੇਦਾਰਾਂ ਨਾਲ ਹੱਥੋਂ ਪਾਈ ਕੀਤੀ ਤਾਂ ਗੱਲ ਵਿਗੜ ਗਈ। ਇਹ ਘਟਨਾ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਤੇ ਥਾਣਾ ਰਾਮਾਮੰਡੀ ਦੀ ਪੁਲੀਸ ਕੋਲ ਲੜਕੀ ਪੱਖ ਨੇ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਹੋਟਲ ਸਮੇਤ ਹੋਰ ਸਾਰੇ ਖਾਣ-ਪੀਣ ਦੇ ਪ੍ਰਬੰਧ ਕੀਤੇ ਸਨ ਜਿਹੜੇ ਧਰੇ ਧਰਾਏ ਰਹਿ ਗਏ। ਉਨ੍ਹਾਂ ਕਿਹਾ ਕਿ ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਕੋਈ ਵਿਸ਼ੇਸ਼ ਮੰਗ ਨਹੀਂ ਸੀ ਰੱਖੀ। ਜਦੋਂ ਮੁੰਡਾ-ਕੁੜੀ ਇੱਕ ਦੂਜੇ ਦੇ ਅੰਗੂਠੀਆਂ ਪਾਉਣ ਲੱਗੇ ਤਾਂ ਉਦੋਂ ਹੰਗਾਮਾ ਹੋ ਗਿਆ। ਲੜਕੇ ਵਾਲੇ ਮੰਗ ਕਰਨ ਲੱਗੇ ਕਿ ਇੱਕ ਅੰਗੂਠੀ ਲੜਕੇ ਲਈ, ਇੱਕ ਐਸਡੀਓ ਲੱਗੇ ਭਰਾ ਲਈ ਤੇ ਇੱਕ ਅੰਗੂਠੀ ਟੀਚਰ ਲੱਗੀ ਭਰਜਾਈ ਲਈ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਝਗੜਾ ਵਧ ਗਿਆ। ਜਦੋਂ ਵਿਚੋਲੇ ਨੂੰ ਸੱਦਿਆ ਗਿਆ ਤਾਂ ਉਸ ਨੇ ਮੁੰਡੇ ਵਾਲਿਆ ਦਾ ਇੱਕ ਹੋਰ ਭੇਦ ਖੋਲ੍ਹ ਦਿੱਤਾ ਕਿ ਮੁੰਡੇ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਤੇ ਉਸ ਦੇ ਦੋ ਬੱਚੇ ਹਨ। ਇਹ ਗੱਲ ਸੁਣ ਕੇ ਕੁੜੀ ਵਾਲਿਆਂ ਦਾ ਗੁੱਸਾ ਵਧ ਗਿਆ ਤੇ ਮਾਮਲਾ ਵਿਗੜ ਗਿਆ। ਮੁੰਡੇ ਵਾਲੇ ਹੱਥੋ ਪਾਈ ਕਰਕੇ ਖਿਸਕ ਗਏ। ਲੜਕੀ ਵਾਲਿਆਂ ਨੇ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ। ਉਧਰ, ਪੁਲੀਸ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਪਾਿਲਾਂ ਜਾਂਚ ਕਰਨਗੇ।