ਪੱਤਰ ਪ੍ਰੇਰਕ
ਭੋਗਪੁਰ, 8 ਜੂਨ
ਇਥੇ ਬਲਾਕ ਸਮਿਤੀ ਭੋਗਪੁਰ ਦੇ ਚੇਅਰਮੈਨ ਸਤਨਾਮ ਸਿੰਘ ਕੌਹਜ਼ਾ ਨੇ ਸਿਵਲ ਡਿਸਪੈਂਸਰੀ ਦੇ ਰੇਲਵੇ ਰੋਡ ਅਤੇ ਜੀਟੀ ਰੋਡ ਵੱਲ ਰੱਖੇ ਖੋਖਿਆਂ ਨੂੰ ਸਿਵਲ ਡਿਸਪੈਂਸਰੀ ਦੀ 20-20 ਫੁੱਟ ਥਾਂ ਅਲਾਟ ਕਰ ਦਿੱਤੀ ਹੈ। ਇਸ ਲਈ ਬਕਾਇਦਾ ਕਾਰਵਾਈ ਰਜਿਸਟਰ ਵਿੱਚ ਮਤਾ ਪਾ ਕੇ 500 ਰੁਪਏ ਪ੍ਰਤੀ ਖੋਖਾ ਕਰਾਇਆ ਵਧਾ ਕੇ 1906 ਰੁਪਏ ਕਰਨ ਦੀ ਸਬੰਧਤ ਵਿਭਾਗ ਦੇ ਉੱਚ ਅਫਸਰਾਂ ਤੋਂ ਮਨਜ਼ੂਰੀ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਇੱਕ ਇੰਚ ਵੀ ਜਗ੍ਹਾ ਨਹੀਂ ਵੇਚੀ ਗਈ। ਬੀਡੀਪੀਓ ਮਨਜਿੰਦਰ ਕੌਰ ਨੇ ਵੀ ਦੱਸਿਆ ਕਿ ਸਿਵਲ ਹਸਪਤਾਲ ਦੀ ਜਗ੍ਹਾ ਬਲਾਕ ਸਮਿਤੀ ਭੋਗਪੁਰ ਦੀ ਹੈ, ਇਸ ਲਈ ਲੋਕਾਂ ਦੀ ਸੁਵਿਧਾ ਲਈ ਖੋਖਿਆਂ ਦੇ ਮਾਲਕਾਂ ਨੂੰ ਪਿਛੇ ਜਗ੍ਹਾ ਦਿੱਤੀ ਗਈ ਹੈ। ਜਦੋਂ ਇਹ ਕਾਰਵਾਈ ਚੱਲ ਰਹੀ ਸੀ ਤਾਂ ਅੰਮ੍ਰਿਤਪਾਲ ਸਿੰਘ ਖਰਲ ਅਤੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਲਾਹਦੜਾ ਦੀ ਅਗਵਾਈ ’ਚ ਅਕਾਲੀਆਂ ਨੇ ਇਹ ਕਹਿ ਕੇ ਅੜਿੱਕਾ ਪਾ ਦਿੱਤਾ ਕਿ ਇਹ ਨਜਾਇਜ਼ ਕਬਜ਼ੇ ਹੋ ਰਹੇ ਹਨ ਤੇ ਕੰਮ ਬੰਦ ਕੀਤਾ ਜਾਵੇ। ਜਦੋਂ ਰੱਫੜ ਵਧ ਗਿਆ ਤਾਂ ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਐੱਸਐੱਚਓ ਮਨਜੀਤ ਸਿੰਘ ਅਤੇ ਹੋਰ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਦੋਹਾਂ ਧਿਰਾਂ ਨੂੰ ਜਲੰਧਰ ਦਫਤਰ ਸੱਦ ਲਿਆ। ਇਸੇ ਦੌਰਾਨ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਉਥੇ ਆ ਗਏ ਉਨ੍ਹਾਂ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਸਿਵਲ ਡਿਸਪੈਂਸਰੀ ਦੀ ਜਗ੍ਹਾ ਵੇਚ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।