ਜੇ.ਬੀ. ਸੇਖੋਂ
ਗੜ੍ਹਸ਼ੰਕਰ, 16 ਜੂੂੂਨ
ਇਥੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫ਼ਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲ ਅਸੁਰੱਖਿਅਤ ਐਲਾਨੀਆਂ ਗਈਆਂ ਛੇ ਦੁਕਾਨਾਂ ਨੂੰ ਢਾਹ ਕੇ ਦੁਬਾਰਾ ਬਣਾਉਣ ਦੀ ਥਾਂ ਇਨ੍ਹਾਂ ਦੁਕਾਨਾਂ ਨੂੰ ਕਿਰਾਏ ’ਤੇ ਦੇ ਕੇ ਦੁਕਾਨਦਾਰਾਂ ਤੇ ਗਾਹਕਾਂ ਦੇ ਜਾਨ ਮਾਲ ਨੂੰ ਦਾਅ ’ਤੇ ਲਾਇਆ ਜਾ ਰਿਹਾ ਹੈ। ਇਹ ਦੁਕਾਨਾਂ ਲੰਮੇਂ ਸਮੇਂ ਤੋਂ ਕਿਰਾਏਦਾਰਾਂ ਦੇ ਕਬਜ਼ੇ ਹੇਠਾਂ ਹਨ ਜਦੋਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਇਮਾਰਤ ਨੂੰ ਸਤੰਬਰ 2021 ਦੌਰਾਨ ਜਾਰੀ ਇਕ ਪੱਤਰ ਵਿੱਚ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਇਸ ਸਬੰਧੀ ਦੁਕਾਨ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਵਿਭਾਗ ਦੇ ਟੈਕਸ ਕੁਲੈਕਟਰ ਵੱਲੋਂ ਹਰ ਮਹੀਨੇ ਦੁਕਾਨਾਂ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ ਜਦੋਂਕਿ ਇਨ੍ਹਾਂ ਦੁਕਾਨਾਂ ਦੇ ਅਸਰੁੱਖਿਅਤ ਹੋਣ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਇਨ੍ਹਾਂ ਦੁਕਾਨਾਂ ਦਾ ਪ੍ਰਤੀ ਮਹੀਨਾ 1200 ਤੋਂ 1500 ਰੁਪਏ ਕਿਰਾਇਆ ਵਿਭਾਗ ਵੱਲੋਂ ਵਸੂਲਿਆ ਜਾ ਰਿਹਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਬੀਡੀਪੀਓ ਦਫ਼ਤਰ ਨੂੰ 6 ਸਤੰਬਰ 2021 ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਇਨ੍ਹਾਂ ਦੁਕਾਨਾਂ ਦੀ ਹਾਲਤ ਖਸਤਾ ਹੋਣ ਕਰਕੇ ਇਨ੍ਹਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਸੀ ਪਰ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੇ ਇਸ ਪੱਤਰ ਨੂੰ ਫਾਈਲਾਂ ਵਿੱਚ ਦੱਬ ਲਿਆ ਤੇ ਕਿਸੇ ਵੀ ਦੁਕਾਨਦਾਰ ਨੂੰ ਇਨ੍ਹਾਂ ਇਮਾਰਤਾਂ ਦੇ ਅਸੁਰੱਖਿਅਤ ਹੋਣ ਦੀ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਰਵਾਇਤੀ ਕਿਰਾਏ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਰਿਕਾਰਡ ਤੋਂ ਬਾਹਰਾ ਵਾਧੂ ਕਿਰਾਇਆ ਰਿਸ਼ਵਤ ਵਜੋਂ ਵੀ ਦੇਣਾ ਪੈਂਦਾ ਹੈ ਜਿਸ ਕਰਕੇ ਵਿਭਾਗ ਵੱਲੋਂ ਇਸ ਇਮਾਰਤ ਨੂੰ ਅਸੁਰੱਖਿਅਤ ਕਰਾਰ ਦੇਣ ਵਾਲਾ ਪੱਤਰ ਫਾਈਲਾਂ ਵਿੱਚ ਦੱਬ ਲਿਆ ਗਿਆ। ਇਸ ਬਾਰੇ ਗੱਲ ਕਰਦਿਆਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਸੋਨੀ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਬੇਨਿਯਮੀਆਂ ਦਾ ਘਰ ਬਣਿਆ ਹੋਇਆ ਹੈ ਤੇ ਇਨ੍ਹਾਂ ਬੇਨਿਯਮੀਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਇਮਾਰਤਾਂ ਨਾਲ ਕਿਸੇ ਵੇਲੇ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ ਪਰ ਵਿਭਾਗ ਦੇ ਕਰਮਚਾਰੀ ਇਸ ਪਾਸੇ ਜਾਣ ਬੁੱਝ ਕੇ ਅਵੇਸਲੇ ਬਣੇ ਹੋਏ ਹਨ।
ਕੀ ਕਹਿੰਦੇ ਨੇ ਬੀਡੀਪੀਓ
ਇਸ ਬਾਰੇ ਟੈਕਸ ਕੁਲੈਕਟਰ ਸਰੂਪ ਲਾਲ ਖੰਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ। ਬੀਡੀਪੀਓ ਮਨਜਿੰਦਰ ਕੌਰ ਨੇ ਸਵਾਲਾਂ ਤੋਂ ਟਾਲਾ ਵੱਟਦਿਆਂ ਕਿਹਾ ਕਿ 6 ਸਤੰਬਰ 2021 ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਪੱਤਰ ਉਨ੍ਹਾਂ ਨੂੰ ਕੱਲ੍ਹ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਰਵਾਈ ਕਰਨਗੇ।