ਪੱਤਰ ਪ੍ਰੇਰਕ
ਸ਼ਾਹਕੋਟ, 20 ਨਵੰਬਰ
ਬਾਜਵਾ ਕਲਾਂ ਦੇ ਇਕ ਵਿਅਕਤੀ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ, ਜਿਸ ਦੀ ਲਾਸ਼ ਸਲੈਚ ਤੋਂ ਅੱਗੇ ਬਣੇ ਅੰਡਰਪਾਸ ਕੋਲੋਂ ਮਿਲੀ ਹੈ। ਪੁਲੀਸ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਨਿਰਮਲ ਸਿੰਘ (52) ਪੁੱਤਰ ਰਤਨ ਸਿੰਘ ਵਾਸੀ ਬਾਜਵਾ ਕਲਾਂ ਆਪਣੇ ਮੋਟਰਸਾਈਕਲ ’ਤੇ ਪਿੰਡ ਮੀਏਂਵਾਲ ਅਰਾਈਆਂ ਦੇ ਇਕ ਪੈਲਸ ’ਚ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ। ਪਿੰਡ ਸਲੈਚ ਤੋਂ ਅੱਗੇ ਬਣੇ ਅੰਡਰ ਪਾਸ ਨੇੜੇ ਉਸ ਦੀ ਲਾਸ਼ ਝਾੜੀਆਂ ਵਿੱਚ ਪਈ ਸੀ। ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਜਾਂਚ ਅਧਿਕਾਰੀ ਸਲਿੰਦਰ ਸਿੰਘ ਨੇ ਕਿਹਾ ਕਿ ਮੁੱਢਲੇ ਰੂਪ ’ਚ ਇਹ ਸੜਕ ਹਾਦਸਾ ਲਗਦਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।