ਸੁਰਜੀਤ ਮਜਾਰੀ
ਬੰਗਾ, 31 ਮਈ
ਸਿਆਸੀ ਪਰਦੇ ਹੇਠ ਨਿੱਜੀ ਹਿੱਤਾਂ ਲਈ ਕੰਮ ਕਰਦੇ ਅਖੌਤੀ ਆਗੂ ਲੋਕਾਂ ਨੂੰ ਹਾਸ਼ੀਏ ’ਤੇ ਲੈ ਆਏ ਹਨ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਸੰਘਰਸ਼ ਕਰਦੇ ਲੋਕਾਂ ਲਈ ਸਮੇਂ ਦੇ ਹਾਕਮਾਂ ਵਲੋਂ ਪੱਲਾ ਝਾੜਨਾ ਮੰਦਭਾਗਾ ਹੈ। ਇਹ ਵਿਚਾਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਰੱਖੇ। ਉਹ ਅੱਜ ਸਥਾਨਕ ਮੰਢਾਲੀ ਭਵਨ ’ਚ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਰੋਨਾ ਦੀ ਬਿਮਾਰੀ ਦੀ ਰੋਕਥਾਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ। ਵੈਂਟੀਲੇਟਰਾਂ, ਆਕਸੀਜਨ ਤੇ ਟੀਕਿਆਂ ਦੀ ਕਮੀ ਨੂੰ ਸਰਕਾਰਾਂ ਦੀ ਨਾਲਾਇਕੀ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕਾਗਜ਼ਾਂ ਤੇ ਬਿਆਨਾਂ ’ਚ ਜੋ ਕੁਝ ਦਿਖਾਇਆ ਜਾ ਰਿਹਾ ਹੈ ਅਸਲ ’ਚ ਜ਼ਮੀਨੀ ਪੱਧਰ ’ਤੇ ਸਰਕਾਰੀ ਤੰਤਰ ਦੇ ਸਤਾਏ ਲੋਕ ਹਸਪਤਾਲਾਂ ਦੇ ਅੰਦਰ ਤੇ ਬਾਹਰ ਤੜਫ਼ ਰਹੇ ਹਨ। ਉਨ੍ਹਾਂ ਨੇ ਕਰੋਨਾ ਦੀ ਆੜ ’ਚ ਲੋਕਾਂ ਦੀ ਹੋਈ ਲੁੱਟ ਖਸੁੱਟ ਲਈ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਵੀ ਮੰਗ ਰੱਖੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ ਵੀ ਹਾਜ਼ਰ ਸਨ।