ਪਾਲ ਸਿੰਘ ਨੌਲੀ
ਜਲੰਧਰ, 20 ਜਨਵਰੀ
ਖ਼ਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ’ਚ ਨਕੋਦਰ ਦੇ ਗਗਨ ਪਾਰਕ ਵਿੱਚ ਇਕੱਠੀਆਂ ਹੋਈਆਂ ਕਿਰਤੀ ਔਰਤਾਂ ਨੇ ਸ਼ਹਿਰ ’ਚ ਮੁਜ਼ਾਹਰਾ ਕਰਨ ਤੋਂ ਬਾਅਦ ਚੌਕ ਵਿੱਚ ਗ਼ਰੀਬ ਅਤੇ ਦਲਿਤ ਵਿਰੋਧੀ ਅਫਸਰਸ਼ਾਹੀ ਦੀ ਜਗੀਰੂ ਮਾਨਸਿਕਤਾ ਦਾ ਪੁਤਲਾ ਫੂਕਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੱਕ ਮਤਾ ਪਾਸ ਕਰਕੇ ਚੋਣ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਕਿ ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦੇ ਪਿੰਡ ਕਡਿਆਣਾ ਅਤੇ ਸਿਲਕੀਆਣਾ ਦੀ ਪੰਚਾਇਤੀ ਜ਼ਮੀਨ ’ਚੋਂ ਇੱਕ ਰਾਜਨੀਤਕ ਪਾਰਟੀ ਵੱਲੋਂ ਰੇਤ ਮਾਫ਼ੀਆ ਕੋਲੋਂ ਮੋਟਾ ਚੋਣ ਫੰਡ ਲੈ ਕੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਈਨਿੰਗ ਦਾ ਵਿਰੋਧ ਕਰਨ ਵਾਲੀ ਦਲਿਤ ਪੰਚਾਇਤ ਮੈਂਬਰ ਉੱਪਰ ਮਾਈਨਿੰਗ ਅਧਿਕਾਰੀ ਦੀ ਹਾਜ਼ਰੀ ਵਿਚ ਕੀਤੇ ਗਏ ਜਾਨਲੇਵਾ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੀਆਂ ਆਗੂ ਔਰਤਾਂ ਬਖਸ਼ੋ ਖੁਰਸ਼ੈਦਪੁਰ, ਸਰਬਜੀਤ ਕੌਰ ਮਾਨ, ਨਰਿੰਦਰ, ਮਮਤਾ ਨਵਾਂ ਪਿੰਡ, ਪਰਮਜੀਤ ਕੌਰ ਅਤੇ ਸੁਰਜੀਤ ਕੌਰ ਨੇ ਕਿਹਾ ਕਿ ਸੰਵਿਧਾਨਕ ਹੱਕਾਂ ਤੋਂ ਵਾਂਝੇ ਕਰਕੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਦੀ ਆਵਾਜ਼ ਦਬਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਇਕਮੱਤ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਏਜੰਡੇ ’ਚੋਂ ਰੋਜ਼ੀ ਰੋਟੀ ਅਤੇ ਮਨੁੱਖੀ ਅਧਿਕਾਰ ਗਾਇਬ ਹਨ. ਇਸੇ ਲਈ ਅੱਜ ਜਗਰਾਵਾਂ ਦੀ ਦਲਿਤ ਲੜਕੀ ਕੁਲਵੰਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀ ਕੁਰਸੀ ’ਤੇ ਬੈਠੇ ਹਨ ਤੇ ਸਾਦੀਹਰੀ ਵਰਗੇ ਪਿੰਡਾਂ ਵਿਚ ਤੀਜੇ ਹਿੱਸੇ ਦੀ ਜ਼ਮੀਨ ਮੰਗਣ ’ਤੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ।