ਪੱਤਰ ਪ੍ਰੇਰਕ
ਤਲਵਾੜਾ, 13 ਅਕਤੂਬਰ
ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਵਫ਼ਦ ਨੇ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ। ਸਰਕਟ ਹਾਊਸ ਚੰਡੀਗੜ੍ਹ ਵਿੱਚ ਹੋਈ ਮੀਟਿੰਗ ’ਚ ਵਫ਼ਦ ਦੀ ਅਗਵਾਈ ਸੂਬਾ ਕਨਵੀਨਰ ਸਤੀਸ਼ ਰਾਣਾ ਤੇ ਕੋ-ਕਨਵੀਨਰ ਰਾਮ ਜੀ ਦਾਸ ਚੌਹਾਨ ਨੇ ਕੀਤੀ। ਵਫ਼ਦ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦਿਆਂ ਜਲ ਸਰੋਤ ਕਰਮਚਾਰੀਆਂ ਨੂੰ ਪਹਿਲੀ ਜਨਵਰੀ 2004 ਤੋਂ ਪਹਿਲਾਂ ਮਿਲਦੀ ਪੈਨਸ਼ਨ ਲਾਭ ਦੇਣ, ਸੇਵਾਮੁਕਤੀ ਤੋਂ ਬਾਅਦ ਮੁਫ਼ਤ ਸਿਹਤ ਸਹੂਲਤਾਂ ਦੇਣ, ਗ੍ਰੈਚੁਟੀ ਦੀ ਹੱਦ ’ਚ 10 ਲੱਖ ਤੋਂ 20 ਲੱਖ ਰੁਪਏ ਦਾ ਹੋਇਆ ਵਾਧਾ ਲਾਗੂ ਕਰਨ, ਪੇਂਡੂ, ਬੱਝਵਾਂ ਸਫ਼ਰੀ, ਅੰਗਹੀਣ, ਵਰਦੀ, ਬਾਰਡਰ ਏਰੀਆ ਆਦਿ ਬੰਦ ਕੀਤੇ ਭੱਤੇ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ। ਵਫ਼ਦ ਨੇ ਅਦਾਰੇ ਦੇ ਮੁੱਖ ਦਫ਼ਤਰ ਦੀ ਆਪਣੀ ਇਮਾਰਤ ਦੀ ਉਸਾਰੀ, ਅਦਾਰੇ ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨ, ਐਮ.ਸੇਵਾ ’ਤੇ ਹਾਜ਼ਰੀ ਲਗਾਉਣ ਸਬੰਧੀ ਫੀਲਡ ਸਟਾਫ਼ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਮੰਗ ਵੀ ਕੀਤੀ। ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮੰਗਾਂ ’ਤੇ ਕਾਰਵਾਈ ਲਈ ਆਖਿਆ ਹੈ।