ਪੱਤਰ ਪ੍ਰੇਰਕ
ਕਰਤਾਰਪੁਰ, 20 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰ ਕੌਰ ਦੀ 400 ਸਾਲਾ ਜਨਮ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਛੇਵੀਂ ਕਰਤਾਰਪੁਰ ਵਿੱਚ 21 ਤੇ 22 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਮੈਂਬਰ ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਅਖੰਡ ਪਾਠ ਦੇ ਭੋਗ 22 ਨਵੰਬਰ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ 21 ਨਵੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ, ਰਾਤ ਨੂੰ ਕੀਰਤਨ ਦਰਬਾਰ ਹੋਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ 21 ਤੇ 22 ਨਵੰਬਰ ਨੂੰ ਪੁਸਤਕ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਵੇਗੀ।
ਵਿਦਿਆਰਥਣਾਂ ਦੀ ਫੀਸ ਭਰੀ
ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਮਾਤਾ ਗੁਜਰ ਕੌਰ ਦੀ ਜਨਮ ਸ਼ਤਾਬਦੀ ਨਿਵੇਕਲੇ ਢੰਗ ਨਾਲ ਮਨਾਉਂਦਿਆਂ ਲੋੜਵੰਦ ਪਰਿਵਾਰ ਦੀਆਂ ਤਿੰਨ ਭੈਣਾਂ ਦੀ ਫੀਸ ਭਰੀ ਗਈ। ਲੜਕੀਆਂ ਦੇ ਪਿਤਾ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ, ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ, ਗੇਂਦੀ ਰਾਮ, ਸੀਮਾ ਅਤੇ ਨਿਤਿਕਾ ਕਮਲ ਮੌਜੂਦ ਸਨ।