ਜਗਜੀਤ ਸਿੰਘ
ਮੁਕੇਰੀਆਂ, 26 ਅਗਸਤ
ਕੰਢੀ ਦੇ ਸਰਕਾਰੀ ਸਕੂਲ ਬਹਿਲੱਖਣ ਦੇ ਵਿਦਿਆਰਥੀ ਖੇਡ ਮੈਦਾਨ ਦੀ ਘਾਟ ਕਾਰਨ ਹਰ ਸਾਲ ਸਕੂਲੀ ਖੇਡਾਂ ਵਿੱਚ ਸ਼ਮੂਲੀਅਤ ਤੋਂ ਵਾਂਝੇ ਰਹਿ ਜਾਂਦੇ ਹਨ। ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਪੂਰਾ ਕਰਨ ਲਈ ਖੇਡ ਦਾ ਮੈਦਾਨ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਕਦੇ ਵੀ ਉੱਚ ਅਧਿਕਾਰੀਆਂ ਨੂੰ ਜਾਣੂ ਨਹੀਂ ਕਰਵਾਇਆ। ਦੂਜੇ ਪਾਸ ਪੰਚਾਇਤ ਨੂੰ ਸਕੂਲ ਦੇ ਮੈਦਾਨ ਲਈ ਜ਼ਮੀਨ ਦੇਣ ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਜ਼ਲ੍ਹਾ ਸਿੱਖਿਆ ਅਫਸਰ ਨੇ ਭਲਕੇ ਹੀ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦੁਆਇਆ ਹੈ।
ਪਿੰਡ ਬਹਿਲੱਖਣ ਦੇ ਵਸਨੀਕਾਂ ਦੇਸ ਰਾਜ, ਯਸ਼ਪਾਲ ਸਿੰਘ ਤੇ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲੀ ਖੇਡਾਂ ਵਿੱਚ ਰੁਚੀ ਰੱਖਦੇ ਹਨ, ਪਰ ਸਕੂਲ ਅੰਦਰ ਕੋਈ ਖੇਡ ਮੈਦਾਨ ਨਹੀਂ ਹੈ। ਮੈਦਾਨ ਬਾਰੇ ਸਕੂਲ ਪ੍ਰਬੰਧਕਾਂ ਵੱਲੋਂ ਹਾਲੇ ਤੱਕ ਸਬੰਧਿਤ ਵਿਭਾਗ ਜਾਂ ਪੰਚਾਇਤ ਨੂੰ ਜਾਣੂ ਨਹੀਂ ਕਰਵਾਇਆ ਗਿਆ ਹੈ। ਬੱਚੇ ਇੰਟਰਨੈੱਟ ਰਾਹੀਂ ਖੇਡਾਂ ਬਾਰੇ ਜਾਣਕਾਰੀ ਹਾਸਲ ਕਰਕੇ ਖੇਤਾਂ ਵਿੱਚ ਪ੍ਰੈਕਟਿਸ ਕਰਦੇ ਹਨ, ਪਰ ਸਕੂਲ ਵੱਲੋਂ ਅਜਿਹੀ ਕੋਈ ਗਤੀਵਿਧੀ ਵਿਦਿਆਰਥੀਆਂ ਨੂੰ ਨਹੀਂ ਕਰਾਈ ਜਾਂਦੀ। ਜੇਕਰ ਵਿਦਿਆਰਥੀਆਂ ਦੇ ਮਾਪੇ ਸਕੂਲ ਪ੍ਰਬੰਧਕਾਂ ਨੂੰ ਅਜਿਹੀ ਸ਼ਿਕਾਇਤ ਕਰਦੇ ਹਨ ਤਾਂ ਪ੍ਰਿੰਸੀਪਲ ਦਾ ਸਪੱਸ਼ਟ ਜਵਾਬ ਹੁੰਦਾ ਹੈ ਕਿ ਉਹ ਕਿਸੇ ਨੂੰ ਜਵਾਬਦੇਹ ਨਹੀਂ ਹਨ। ਸਕੂਲ ਦੀ ਚਾਰੀਦਵਾਰੀ ਵੀ ਨਹੀਂ ਹੈ ਅਤੇ ਇਮਾਰਤ ਨੇੜੇ ਛੱਪੜ ਬਣਿਆ ਹੋਣ ਕਾਰਨ ਬੱਚਿਆਂ ਦੇ ਜਾਨੀ ਨੁਕਸਾਨ ਦਾ ਵੀ ਖਦਸ਼ਾ ਬਣਿਆ ਹੋਇਆ ਹੈ।
ਪਿੰਡ ਬਹਿਲੱਖਣ ਦੀ ਸਰਪੰਚ ਨੀਲਮ ਕੁਮਾਰੀ ਨੇ ਦੱਸਿਆ ਕਿ ਪੰਚਾਇਤ ਦੀ ਮਾਲਕੀ ਵਾਲੀ ਕਰੀਬ 72 ਕਨਾਲ ਜ਼ਮੀਨ ਵਿੱਚ ਸਰਕਾਰੀ ਸਕੂਲ, ਵਾਟਰ ਵਰਕਸ, ਮੈਡੀਕਲ ਪੌਦਿਆਂ ਦਾ ਪਲਾਂਟ, ਸੁਵਿਧਾ ਕੇਂਦਰ ਸਮੇਤ ਕੁਝ ਹੋਰ ਇਮਾਰਤਾਂ ਬਣਾਈਆਂ ਹੋਈਆਂ ਹਨ ਪਰ ਇਨ੍ਹਾਂ ਇਮਾਰਤਾਂ ਅਧੀਨ ਕੇਵਲ 20-25 ਕਨਾਲ ਜ਼ਮੀਨ ਹੀ ਘੇਰੇ ਅੰਦਰ ਆਉਂਦੀ ਹੈ। ਸਕੂਲ ਨਾਲ ਲੱਗਦੀ ਰਹਿੰਦੀ ਜ਼ਮੀਨ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਪੰਚਾਇਤ ਨੂੰ ਸਕੂਲ ਪ੍ਰਬੰਧਕਾਂ ਨੇ ਕਦੇ ਵੀ ਖੇਡ ਮੈਦਾਨ ਲਈ ਜ਼ਮੀਨ ਦੇਣ ਬਾਰੇ ਨਹੀਂ ਲਿਖਿਆ ਅਤੇ ਨਾ ਹੀ ਜ਼ੁਬਾਨੀ ਕਦੇ ਆਖਿਆ ਹੈ। ਜੇਕਰ ਸਕੂਲ ਪ੍ਰਬੰਧਕ ਕੋਈ ਦਰਖਾਸਤ ਦਿੰਦੇ ਹਨ ਤਾਂ ਖੇਡ ਮੈਦਾਨ ਲਈ ਜ਼ਮੀਨ ਦੇ ਦਿੱਤੀ ਜਾਵੇਗੀ।
ਮਾਮਲੇ ਦੀ ਜਾਂਚ ਦਾ ਭਰੋਸਾ
ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਹਰ ਸਕੂਲ ਅੰਦਰ ਖੇਡ ਮੈਦਾਨ ਹੋਣਾ ਚਾਹੀਦਾ ਹੈ, ਪਰ ਜੇਕਰ ਬਹਿਲੱਖਣ ਦੇ ਸਕੂਲ ਵਿੱਚ ਨਹੀਂ ਹੈ ਤਾਂ ਉਹ ਭਲਕੇ ਆਪਣਾ ਨੁਮਾਇੰਦਾ ਭੇਜ ਕੇ ਜਾਂਚ ਕਰਾਉਣਗੇ ਅਤੇ ਸਕੂਲ ਪ੍ਰਿੰਸੀਪਲ ਪ੍ਰਤੀ ਲੋਕਾਂ ਦੀ ਸ਼ਿਕਾਇਤ ਵੀ ਦੂਰ ਕਰਨਗੇ।