ਜਗਜੀਤ ਸਿੰਘ
ਮੁਕੇਰੀਆਂ, 30 ਜੂਨ
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਸੂਬੇ ਨੂੰ ਨਹਿਰੀ ਪਾਣੀ ਨਾਲ ਜੋੜਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਪਾਣੀ ਦਾ ਪੱਧਰ ਡਿੱਗ ਜਾਣ ਵਾਲੇ ਇਲਾਕਿਆਂ ਵਿੱਚ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ। ਉਹ ਅੱਜ ਮੁਕੇਰੀਆਂ ਦੇ ਪਿੰਡ ਪੁਰਾਣਾ ਭੰਗਾਲਾ ਅਤੇ ਖਿਜਰਪੁਰ ਵਿੱਚ 90 ਲੱਖ ਰੁਪਏ ਦੀ ਲਾਗਤ ਨਾਲ ਬਣੇ ਦੋ ਜਲ ਸਪਲਾਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮੌਕੇ ਪ੍ਰੋ. ਜੀ.ਐਸ. ਮੁਲਤਾਨੀ, ਐਸਡੀਐਮ ਮੁਕੇਰੀਆਂ ਕੰਨੂੰ ਥਿੰਦ, ਐਸਈ ਜਲ ਸਪਲਾਈ ਵਿਭਾਗ ਰਾਜੇਸ਼ ਦੂਬੇ ਤੇ ਐਕਸੀਅਨ ਅਨੁਜ ਸ਼ਰਮਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਪਿੰਡ ਖਿਜਰਪੁਰ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਇਸ ਜਲ ਸਪਲਾਈ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇੱਥੇ 30 ਲੱਖ ਦੇ ਹੋਰ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਤਰ੍ਹਾਂ ਜਿੱਥੇ ਪਿੰਡ ਪੁਰਾਣਾ ਭੰਗਾਲਾ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਯੋਜਨਾ ਦਾ ਉਦਘਾਟਨ ਕੀਤਾ ਗਿਆ ਹੈ, ਉੱਥੇ 28 ਲੱਖ ਰੁਪਏ ਦੇ ਵਿਕਾਸ ਕਾਰਜ ਉਸਾਰੀ ਅਧੀਨ ਹਨ। ਇਨ੍ਹਾਂ ਦੋਵਾਂ ਥਾਵਾਂ ’ਤੇ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਬਲਾਕ ਹਾਜੀਪੁਰ ਦੇ ਪਿੰਡ ਖਿਜਰਪੁਰ ਵਿਚ 50 ਲੱਖ ਰੁਪਏ ਦੀ ਲਾਗਤ ਵਾਲੀ ਸਕੀਮ ਵਿੱਚ ਟਿਊਬਵੈਲ, ਪਾਣੀ ਦੀ ਟੈਂਕੀ, ਪੰਪ ਚੈਂਬਰ, ਪਾਣੀ ਦੀਆਂ ਪਾਈਪਾਂ ਤੇ ਪਪਿੰਗ ਮਸ਼ੀਨਾਂ ਦਾ ਕੰਮ ਕੀਤਾ ਗਿਆ ਹੈ। ਇਸ ਯੋਜਨਾ ਤੋਂ ਇਲਾਕੇ ਦੇ 340 ਘਰਾਂ ਦੇ 1672 ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਇਸੇ ਤਰ੍ਹਾਂ ਬਲਾਕ ਮੁਕੇਰੀਆਂ ਦੇ ਪੁਰਾਣਾ ਭੰਗਾਲਾ ਵਿਚ 40 ਲੱਖ ਰੁਪਏ ਦੀ ਲਾਗਤ ਵਾਲੀ ਜਲ ਸਪਲਾਈ ਸਕੀਮ ਵਿਚ ਟਿਊਬਵੈਲ, ਪੰਪ ਚੈਂਬਰ, ਪਾਣੀ ਦੀਆਂ ਪਾਈਪਾਂ ਅਤੇ ਪਪਿੰਗ ਮਸ਼ੀਨ ਅਤੇ ਸੋਲਰ ਸਿਸਟਮ ਦਾ ਕੰਮ ਕੀਤਾ ਗਿਆ ਹੈ। ਇਸ ਯੋਜਨਾ ਤੋਂ ਪੁਰਾਣਾ ਭੰਗਾਲਾ ਦੇ 528 ਘਰਾਂ ਦੇ 2716 ਲੋਕਾਂ ਨੂੰ ਲਾਭ ਮਿਲਿਆ ਹੈ।