ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਪਰੈਲ
ਲਗਾਤਾਰ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਅੱਜ ਤੇ ਕੱਲ੍ਹ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਵੱਧ ਰਹਿਣ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਵੇਰ ਵੇਲੇ ਹੀ ਤਿੱਖੀ ਧੁੱਪ ਵਿਚ ਪੂਰੀ ਤਪਸ਼ ਹੁੰਦੀ ਹੈ। ਸਾਰਾ ਦਿਨ ਚੱਲਦੀਆਂ ਗਰਮ ਹਵਾਵਾਂ ਨਾਲ ਬਾਜ਼ਾਰਾਂ ਵਿਚ ਸੁੰਨ ਪੱਸਰੀ ਰਹਿੰਦੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਵੀ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਅਪਰੈਲ ਮਹੀਨੇ ਵਿਚ ਪਾਰਾ 41 ਤੋਂ 42 ਡਿਗਰੀ ਤੱਕ ਰਹਿਣ ’ਤੇ ਲੋਕ ਫ਼ਿਕਰਮੰਦ ਵੀ ਹਨ। ਉਧਰ, ਕਹਿਰ ਦੀ ਗਰਮੀ ਦੇ ਚੱਲਦਿਆਂ ਬਿਜਲੀ ਦੇ ਕੱਟ ਲੱਗਣ ਨਾਲ ਲੋਕਾਂ ਦੇ ਇਨਵਰਟਰ ਜਵਾਬ ਦੇਣ ਲੱਗ ਪਏ ਹਨ ਤੇ ਲੋਕ ਘਰਾਂ ਦੇ ਬਾਹਰ ਪੱਖੀਆਂ ਲੈ ਕੇ ਬੈਠਣ ਲਈ ਮਜਬੂਰ ਹੋ ਰਹੇ ਹਨ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2011 ਦੇ ਮਹੀਨੇ ਵਿਚ ਦਿਨ ਦਾ ਪਾਰਾ 42 ਡਿਗਰੀ ਅਤੇ ਰਾਤ ਦਾ ਪਾਰਾ 28 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ ਸੀ। 2013 ਵਿਚ ਮਈ ਮਹੀਨੇ ’ਚ 43 ਡਿਗਰੀ ਤੱਕ ਤਾਪਮਾਨ ਪਹੁੰਚਾ ਸੀ ਜਦੋਂਕਿ ਇਸ ਸਾਲ ਅਪਰੈਲ ਦੇ ਅਖ਼ੀਰ ਵਿਚ ਹੀ ਤਾਪਮਾਨ 42 ਡਿਗਰੀ ਨੇੜੇ ਜਾ ਪਹੁੰਚਾ ਹੈ। ਮੌਸਮ ਵਿਭਾਗ ਅਨੁਸਾਰ ਅਪਰੈਲ ਵਿਚ ਸਿਰਫ਼ ਇੱਕ ਮਿਲੀਮੀਟਰ ਹੀ ਮੀਂਹ ਪਿਆ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਤੇ ਪੂਰਾ ਸਰੀਰ ਢਕ ਕੇ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।