ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 29 ਜੁਲਾਈ
ਪਿੰਡ ਜਲਭੈ ਵਿੱਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਤਿੰਨ ਦਿਨਾਂ ’ਚ ਸੁਲਝਾ ਕੇ ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਪੁਲੀਸ ਕਪਤਾਨ (ਜਲੰਧਰ ਦਿਹਾਤੀ) ਸਵਰਨਦੀਪ ਸਿੰਘ ਨੇ ਦੱਸਿਆ ਕਿ 25 ਜੁਲਾਈ ਨੂੰ ਰਾਜਿੰਦਰ ਕੁਮਾਰ ਵਾਸੀ ਉਪਕਾਰ ਨਗਰ ਜਲੰਧਰ ਨੇ ਲੰਬਾ ਪਿੰਡ ਥਾਣੇ ’ਚ ਬਿਆਨ ਦਰਜ ਕਰਵਾਏ ਕਿ ਉਸ ਦੇ ਲੜਕੇ ਲਵਲੀਨ ਨੇ ਪ੍ਰੇਮ ਵਿਆਹ ਕਰਵਾਇਆ ਸੀ, ਉਹ ਇਸ ਵਕਤ ਆਪਣੇ ਸਹੁਰੇ ਪਿੰਡ ਜਲਭੈ ਰਹਿ ਰਿਹਾ ਸੀ। ਲਵਲੀਨ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਨਾਮਲੂਮ ਵਿਅਕਤੀਆਂ ਨੇ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨੇੜੇ ਸਫ਼ੀਪੁਰ ਰੋਡ ਪਿੰਡ ਜਲਭੈ ਰਸਤੇ ’ਚ ਸੁੱਟ ਕੇ ਅੱਗ ਲਗਾ ਦਿੱਤੀ ਹੈ।
ਰਾਜਿੰਦਰ ਕੁਮਾਰ ਨੇ ਆਪਣੇ ਲੜਕੇ ਦੇ ਸਹੁਰੇ ਪਰਿਵਾਰ ’ਤੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਸੀ ਕਿ ਲਵਲੀਨ ਨੇ 2-3 ਵਾਰੀ ਉਸ ਨੂੰ ਦੱਸਿਆ ਸੀ ਕਿ ਦੋਵੇਂ ਸਾਲੇ ਤੇ ਸੱਸ-ਸਹੁਰਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਡੀਐੱਸਪੀ ਸਬ ਡਿਵੀਜ਼ਨ ਆਦਮਪੁਰ ਸਰਬਜੀਤ ਰਾਏ ਤੇ ਥਾਣਾ ਮੁਖੀ ਰਜੀਵ ਕੁਮਾਰ ਨੇ ਤਫਤੀਸ਼ ਸ਼ੁਰੂ ਕੀਤੀ। ਜਦੋਂ ਪੁਲੀਸ ਨੇ ਲਵਲੀਨ ਕੁਮਾਰ ਦੇ ਸਹੁਰੇ ਜਸਵਿੰਦਰ ਸਿੰਘ, ਸੱਸ ਸ਼ਕੁੰਤਲਾ, ਸਾਲੇ ਯੁਵਰਾਜ ਸਿੰਘ ਤੇ ਜੁਵਨਾਇਲ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਲਵਲੀਨ ਸ਼ਰਾਬ ਪੀਣ ਦਾ ਆਦੀ ਸੀ ਜੋ ਆਪਣੀ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ। ਇਹ ਗੱਲ ਸਹੁਰਾ ਪਰਿਵਾਰ ਨੂੰ ਰੜਕਦੀ ਸੀ। 25 ਜੁਲਾਈ ਨੂੰ ਜਦੋਂ ਲਵਲੀਨ ਕੁਮਾਰ ਸ਼ਰਾਬ ਪੀ ਕੇ ਘਰ ਆਇਆ ਤਾਂ ਆਪਣੀ ਪਤਨੀ ਤੇ ਬੇਟੀ ਨਾਲ ਕੁੱਟਮਾਰ ਕਰਨ ਲੱਗਿਆ ਜਿਸ ਤੋਂ ਨਾਰਾਜ਼ ਹੋ ਕੇ ਸਹੁਰੇ ਪਰਿਵਾਰ ਦੇ ਸਾਰੇ ਜੀਆਂ ਨੇ ਰਲ ਕੇ ਲਵਲੀਨ ਕੁਮਾਰ ਨੂੰ ਫੜ ਲਿਆ। ਉਸ ਦੇ ਸਿਰ ’ਚ ਕੜਾ ਮਾਰਿਆ ਤੇ ਮੂੰਹ ’ਚ ਕੱਪੜਾ ਪਾ ਕੇ ਸਾਹ ਘੁੱਟ ਕੇ ਮਾਰ ਦਿੱਤਾ। ਫਿਰ ਰਾਤ ਸਮੇਂ ਲਵਲੀਨ ਦੀ ਲਾਸ਼ ਸਾਈਕਲ ’ਤੇ ਲਿਜਾ ਕੇ ਪਿੰਡ ਤੋਂ ਬਾਹਰ ਸੁੱਟ ਦਿੱਤੀ ਤੇ ਕਠਾਰ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਲਾਸ਼ ਉੱਪਰ ਛਿੜਕ ਕੇ ਅੱਗ ਲਗਾ ਦਿੱਤੀ ਤਾਂ ਜੋ ਲਾਸ਼ ਦੀ ਪਛਾਣ ਨਾ ਹੋ ਸਕੇ। ਮੁਲਜ਼ਮਾਂ ਕੋਲੋਂ ਕੜਾ, ਸਾਈਕਲ, ਮੋਟਰਸਾਈਕਲ, ਪਲਾਸਟਿਕ ਦੀ ਬੋਤਲ, ਖੂਨ ਨਾਲ ਲੱਥਪੱਥ ਚਾਦਰ ਅਤੇ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।