ਗੁਰਦੇਵ ਸਿੰਘ ਗਹੂੰਣ
ਬਲਾਚੌਰ, 13 ਜੁਲਾਈ
ਸਨਅਤੀ ਖੇਤਰ ਆਸਰੋਂ ਦੇ ਪਿੰਡ ਟੌਂਸਾ ਵਿੱਚ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨਾਂ-ਮਜ਼ਦੂਰਾਂ ਦੀ ਮਹਾਪੰਚਾਇਤ ਬੁਲਾਈ ਗਈ, ਜਿਸ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ। ਮੀਟਿੰਗ ਨੇ ਇਸ ਖੇਤਰ ਵਿੱਚ ਫੈਲ ਰਹੇ ਹਵਾ-ਪਾਣੀ ਦੇ ਪ੍ਰਦੂਸ਼ਣ ਬਾਰੇ ਚਰਚਾ ਕੀਤੀ ਅਤੇ ਫੈਸਲਾ ਕੀਤਾ ਕਿ ਇਸ ਗੰਭੀਰ ਮਸਲੇ ’ਤੇ ਸਰਕਾਰ, ਪ੍ਰਸ਼ਾਸ਼ਨ ਅਤੇ ਫੈਕਟਰੀ ਮਾਲਕਾਂ ਨੂੰ ਜਗਾਉਣ ਹਿਤ 12 ਅਗਸਤ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਮੋਰਚਾ ਕਨਵੀਨਰ ਕਰਨ ਸਿੰਘ ਰਾਣਾ, ਬਲਵੀਰ ਸਿੰਘ ਸਰਪੰਚ ਟੌਂਸਾ ਅਤੇ ਅਵਤਾਰ ਕੌਰ ਸਰਪੰਚ ਭੇਡੀਆਂ ਨੇ ਕਿਹਾ ਕਿ ਹਵਾ-ਪਾਣੀ ਦੇ ਪਲੀਤ ਹੋਣ ਕਾਰਨ ਪੂਰਾ ਸਨਅਤੀ ਖੇਤਰ ਆਸਰੋਂ ਖਤਰਨਾਕ ਬਿਮਾਰੀਆਂ ਦੇ ਹੱਬ ਵਿੱਚ ਤਬਦੀਲ ਹੋ ਚੁੱਕਾ ਹੈ, ਜਦੋਂ ਕਿ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦੇ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕਾਂ ਦੇ ਲਾਲਚ ਕਾਰਨ ਸੈਂਕੜੇ ਲੋਕ ਮੌਤ ਦੇ ਮੂੰਹ ਜਾ ਪਏ ਹਨ। ਉਨ੍ਹਾਂ ਸਮੁੱਚੇ ਇਲਾਕੇ ਨੂੰ ਇੱਕਜੁੱਟ ਹੋ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹਰਪਾਲ ਸਿੰਘ ਮੱਕੋਵਾਲ, ਸੁਰਿੰਦਰ ਸ਼ਿੰਦਾ ਰੈਲ ਮਾਜਰਾ ਅਤੇ ਕਰਨੈਲ ਸਿੰਘ ਭੱਲਾ ਆਦਿ ਆਗੂਆਂ ਨੇ ਕਿਹਾ ਕਿ ਫੈਕਟਰੀਆਂ ਵਲੋਂ ਛੱਡੇ ਜਾ ਰਹੇ ਜ਼ਹਿਰੀਲੇ ਪਾਣੀ ਕਾਰਨ ਹਜਾਰਾਂ ਏਕੜ ਉਪਜਾਊ ਜ਼ਮੀਨ ਬਰਬਾਦ ਹੋ ਰਹੀ ਹੈ, ਪਸ਼ੂ ਧਨ ਅਤੇ ਦੁੱਧ, ਖੁਰਾਕ ਅਤੇ ਸਬਜ਼ੀਆਂ ’ਤੇ ਮਾੜਾ ਅਸਰ ਪੈ ਰਿਹਾ ਹੈ, ਜਿਸ ਦਾ ਡਟ ਕੇ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਇਸ ਖਿੱਤੇ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗਰੀਬ ਆਬਾਦਕਾਰਾਂ ਅਤੇ ਮਜ਼ਦੂਰਾਂ ਦਾ ਉਜਾੜਾ ਬੰਦ ਕੀਤਾ ਜਾਵੇ। ਮਹਾਪੰਚਾਇਤ ਵਿੱਚ ਬੀਬੀ ਸ਼ਸ਼ੀ ਰਾਣਾ, ਮਨਜੀਤ ਸਿੰਘ ਮਾਜਰਾ, ਸਤਨਾਮ ਸਿੰਘ ਸਰਪੰਚ ਹਸਨਪੁਰ, ਜਸਪ੍ਰੀਤ ਬਾਜਵਾ ਐਡਵੋਕੇਟ, ਰਜਨੀ ਦੇਵੀ, ਮਲਕੀਤ ਕੌਰ ਜੰਡੀ ਆਦਿ ਪਤਵੰਤੇ ਸ਼ਾਮਲ ਹੋਏ।