ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਆਲ ਇੰਡੀਆ ਜੱਟ ਮਹਾਂ ਸਭਾ ਨੇ ਦੇਸ਼ ਦੇ ਨੌਂ ਸੂਬਿਆਂ ਵਾਂਗ ਪੰਜਾਬ ਦੇ ਜੱਟਾਂ ਲਈ ਵੀ ਰਾਖਵੇਂਕਰਨ ਦੀ ਮੰਗ ਕਰਦਿਆਂ ਇਸ ਸਬੰਧੀ ਜਨਵਰੀ 2021 ਵਿੱਚ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ। ਲਾਇਨਜ਼ ਕਲੱਬ ਵਿਚ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਰਜਕਾਰਨੀ ਦੀ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਜਥੇਬੰਦੀ ਦੇ ਕੌਮੀ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੂੰ ਪੰਜਾਬ ਵਿੰਗ ਦਾ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਮੇਟੀ ਦਾ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ।
ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕੀਤਾ ਗਿਆ। ਪੰਜਾਬ ਵਿੱਚ ਚੱਲ ਰਹੇ ਕਿਸਾਨ ਸੰਘਰਸ਼ਾਂ ਨੂੰ ਜਿੱਥੇ ਹਮਾਇਤ ਦਿੱਤੀ ਗਈ, ਉੱਥੇ ਹੀ ਪੰਜਾਬ ਵਿੱਚ ਸੰਘਰਸ਼ ਕਰਨ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਾਂ ਰਾਹੀਂ ਖੇਤੀ ਖੇਤਰ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਹੀ ਇਹ ਕਾਨੂੰਨ ਬਣਾਏ ਗਏ ਹਨ। ਇਸ ਮੌਕੇ ਜਥੇਬੰਦੀ ਦੇ ਕੌਮੀ ਉਪ ਪ੍ਰਧਾਨ ਚੌਧਰੀ ਦੁਨੀ ਚੰਦਰ, ਸਾਬਕਾ ਆਈਜੀ ਤੇ ਪੰਜਾਬ ਦੇ ਉਪ-ਪ੍ਰਧਾਨ ਕਰਤਾਰ ਸਿੰਘ, ਆਦਮਪੁਰ ਬਲਾਕ ਦੇ ਪ੍ਰਧਾਨ ਜਸਪ੍ਰੀਤ ਸਿੰਘ ਨਰਵਾਲ, ਪੰਜਾਬ ਦੇ ਉਪ-ਪ੍ਰਧਾਨ ਬਖਤਾਵਰ ਸਿੰਘ, ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ, ਸਕੱਤਰ ਐਡਵੋਕੇਟ ਰਮਨਦੀਪ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ ਸੰਘਾ, ਤਨਵੀਰ ਸਿੰਘ ਰਣੀਆ ਤੇ ਜਸਵੰਤ ਸਿੰਘ ਚੁਟਾਲਾ ਹਾਜ਼ਰ ਸਨ।