ਪਾਲ ਸਿੰਘ ਨੌਲੀ
ਜਲੰਧਰ, 13 ਦਸੰਬਰ
ਮਾਨਸਾ ’ਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਅੰਨ੍ਹਾ ਤਸ਼ੱਦਦ ਕਰਨ ਖਿਲਾਫ਼ ਤੇ ਅਧਿਆਪਕਾਂ ਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟਣ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਤਹਿਸੀਲ ਜਲੰਧਰ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਵਪ੍ਰੀਤ ਬੱਲੀ, ਗਣੇਸ਼ ਭਗਤ, ਬੇਅੰਤ ਸਿੰਘ, ਗੁਰਦੇਵ ਰਾਮ ਚਿੱਟੀ ਅਤੇ ਰਾਜੇਸ਼ ਕੁਮਾਰ ਨੇ ਮੰਗ ਕੀਤੀ ਕਿ ਮਾਨਸਾ ’ਚ ਰੁਜ਼ਗਾਰ ਮੰਗਦੇ ਲੋਕਾਂ ਦੇ ਧੀਆਂ-ਪੁੱਤਾਂ ’ਤੇ ਲਾਠੀਚਾਰਜ ਕਰਨ ਵਾਲੇ ਅਫ਼ਸਰ ਨੂੰ ਬਰਖਾਸਤ ਕੀਤਾ ਜਾਵੇ।
ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੱਕੇ ਹੋਣ ਲਈ ਕਈ ਸਾਲਾਂ ਤੋਂ ਲੜਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਤੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਸਿੱਖਿਆ ਵਿਭਾਗ ਵਿੱਚ ਰੈਗੂਲਰ 180 ਅਧਿਆਪਕਾਂ ’ਤੇ ਨਵਾਂ ਸਕੇਲ ਲਾਗੂ ਕਰ ਕੇ ਭਰਤੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਅਧਿਆਪਕ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣਗੇ। ਇਸ ਮੌਕੇ ਵਿੱਦਿਆ ਸਾਗਰ, ਸੋਢੀ ਰਾਮ, ਬਲਵਿੰਦਰ ਸਿੰਘ ਕਾਲਰਾ, ਸੋਹਣ ਲਾਲ, ਬਲਵਿੰਦਰ ਕੁਮਾਰ, ਭਾਰਤ ਭੂਸ਼ਨ, ਸਵਿੰਦਰ ਗਿੱਲ ਅਤੇ ਗੁਰਿੰਦਰ ਕੌਰ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ’ਤੇ ਅੱਜ ਬਲਾਕ ਫਗਵਾੜਾ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਚੰਨੀ ਸਰਕਾਰ ਦੀ ਅਰਥੀ ਫੂਕੀ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂ ਗੁਰਮੁੱਖ ਲੋਕਪ੍ਰੇਮੀ, ਸਾਧੂ ਸਿੰਘ ਜੱਸਲ, ਜਸਬੀਰ ਭੰਗੂ, ਦਲਜੀਤ ਸੈਣੀ, ਪ੍ਰਮਿੰਦਰਪਾਲ ਸਿੰਘ, ਸਤਨਾਮ ਪਰਮਾਰ, ਜਸਬੀਰ ਸੈਣੀ, ਹੰਸ ਰਾਜ ਬੰਗੜ, ਹਰਸਿਮਰਨ ਸਿੰਘ ਤੇ ਕੁਲਦੀਪ ਕੌੜਾ ਨੇ ਕਿਹਾ ਕਿ ਘਰ-ਘਰ ਨੌਕਰੀ ਦੇ ਵਾਅਦੇ ਕਰ ਕੇ ਸੱਤਾ ਚ ਆਈ ਮੌਜੂਦਾ ਸਰਕਾਰ ਵੱਲੋਂ ਆਏ ਦਿਨ ਆਪਣੇ ਹੱਕ ਦਾ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੜਕਾਂ ਤੇ ਕੁੱਟਿਆ ਤੇ ਘੜੀਸਿਆ ਜਾ ਰਿਹਾ ਹੈ ਜਦਕਿ ਸਿੱਖਿਆ ਵਿਭਾਗ ਸਮੇਤ ਸਾਰੇ ਮਹਿਕਮਿਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।