ਪਾਲ ਸਿੰਘ ਨੌਲੀ
ਜਲੰਧਰ, 2 ਮਈ
ਦਿਹਾਤੀ ਪੁਲੀਸ ਨੇ ਤੂੜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਚਾਰ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸ਼ਾਹਕੋਟ ਸਬ ਡਿਵੀਜ਼ਨ ਦੇ ਡੀਐੱਸਪੀ ਜਸਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੇ ਇੰਸਪੈਕਟਰ ਦਰਸ਼ਨ ਸਿੰਘ ਨੇ ਸੁਧੀਰ ਕੁਮਾਰ ਉਰਫ ਬੱਗਾ ਵਾਸੀ ਨਾਭਾ ਅਤੇ ਕੁਲਜੀਤ ਸਿੰਘ ਉਰਫ ਦਾਰਾ ਵਾਸੀ ਲਾਦੀਆਂ ਕਲਾਂ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਤੂੜੀ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ 30 ਅਪਰੈਲ ਨੂੰ ਸਿਖ਼ਰ ਦੁਪਹਿਰੇ ਮਹਿਤਪੁਰ ਤੋਂ ਅਗਵਾ ਕੀਤਾ ਸੀ। ਪੁਲੀਸ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਸੀ ਮਣਸੀਆਂ ਬਾਜਣ ਜ਼ਿਲ੍ਹਾ ਲੁਧਿਆਣਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ ਕਿ ਉਹ ਤੇ ਉਸ ਦਾ ਮਾਲਕ ਵਰਿੰਦਰ ਸਿੰਘ ਵਾਸੀ ਫਤਿਹਪੁਰ ਜ਼ਿਲ੍ਹਾ ਲੁਧਿਆਣਾ, ਜੋ ਕਿ ਤੂੜੀ ਵਾਲੀ ਟਰਾਲੀ ਭਰਨ ਦਾ ਕੰਮ ਕਰਦੇ ਹਨ, ਉਹ 30 ਅਪਰੈਲ ਨੂੰ ਪਰਜੀਆਂ ਪਿੰਡ ਵਿੱਚ ਤੂੜੀ ਟਰਾਲੀ ਭਰ ਰਹੇ ਸਨ।
ਇਸੇ ਦੌਰਾਨ ਟਰਾਲੀ ਦਾ ਰਿੰਮ ਟੁੱਟ ਗਿਆ। ਉਹ ਦੋਵੇਂ ਜਣੇ ਰਿੰਮ ਠੀਕ ਕਰਵਾਉਣ ਲਈ ਮਹਿਤਪੁਰ ਖਾਲਸਾ ਟਾਇਰ ਵਾਲੇ ਦੀ ਦੁਕਾਨ ’ਤੇ ਆਏ ਜਿਥੇ ਦੁਪਹਿਰ 2.15 ਵਜੇ ਦੇ ਕਰੀਬ ਚਾਰ-ਪੰਜ ਵਿਅਕਤੀ ਗੱਡੀ ’ਚੋਂ ਉੱਤਰੇ। ਉਨ੍ਹਾਂ ਵਿਚੋਂ ਇਕ ਦਾ ਨਾਂ ਸੁਧੀਰ ਕੁਮਾਰ ਸੀ ਤੇ ਉਸ ਨਾਲ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਨੇ ਵਰਿੰਦਰ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੱਡੀ ਵਿੱਚ ਸੁੱਟ ਲਿਆ ਤੇ ਅਗਵਾ ਕਰਕੇ ਲੈ ਗਏ। ਡੀਐੱਸਪੀ ਜਸਬਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਚਾਰ ਘੰਟਿਆਂ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਟਨਾ ਪਿੱਛੇ ਕਾਰਨ ਪੈਸਿਆਂ ਦਾ ਲੈਣ-ਦੇਣ
ਥਾਣਾ ਮਹਿਤਪੁਰ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਅਗਵਾ ਕਰਨ ਦਾ ਮਾਮਲਾ ਮੁਲਜ਼ਮਾਂ ਦੇ ਟੈਲੀਫੋਨ ਟਰੇਸ ਕਰਨ ਨਾਲ ਹੱਲ ਹੋਇਆ ਹੈ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਵਰਿੰਦਰ ਸਿੰਘ ਨਾਲ ਤੂੜੀ ਬਣਾਉਣ ਦਾ ਕੰਮ ਸਾਂਝਾ ਸੀ ਤੇ ਇਸੇ ਸਾਂਝ ਦੌਰਾਨ ਹੀ ਉਸ (ਵਰਿੰਦਰ) ਵੱਲ 8 ਲੱਖ ਰੁਪਏ ਤੋਂ ਵੱਧ ਪੈਸੇ ਚਲੇ ਗਏ ਸਨ। ਜਦੋਂ ਉਹ ਪੈਸੇ ਮੰਗਦੇ ਸਨ ਤਾਂ ਟਾਲਮਟੋਲ ਕਰਕੇ ਵਕਤ ਲੰਘਾ ਦਿੱਤਾ ਜਾਂਦਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਰਜੀਆਂ ਵਿਚ ਤੂੜੀ ਬਣਾਉਣ ਲਈ ਆਏ ਹਨ ਤਾਂ ਉਹ ਉਸ ਦੀ ਪੈੜ ਨੱਪਦੇ ਉਥੇ ਪਹੁੰਚ ਗਏ ਸਨ।