ਪੁਲੀਸ ਦੇ ਦਖ਼ਲ ’ਤੇ ਲਾਸ਼ ਅੰਦਰ ਲਿਜਾਣ ਦਿੱਤੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਇੱਥੇ ਰਤਨ ਨਗਰ ਇਲਾਕੇ ਵਿਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਇਕ ਕਿਰਾਏਦਾਰ ਦੀ ਮਾਂ ਦੀ ਬਿਮਾਰੀ ਨਾਲ ਮੌਤ ਤੋਂ ਬਾਅਦ ਧੀਆਂ ਹਸਪਤਾਲ ਤੋਂ ਲਾਸ਼ ਘਰ ਲੈ ਕੇ ਆਈਆਂ ਤਾਂ ਮਕਾਨ ਮਾਲਕ ਨੇ ਉਨ੍ਹਾਂ ਨੂੰ ਮਾਂ ਦੀ ਲਾਸ਼ ਅੰਦਰ ਲਿਜਾਣ ਤੋਂ ਮਨ੍ਹਾ ਕਰ ਦਿੱਤਾ। ਇਸੇ ਕਾਰਨ ਲਾਸ਼ ਸੜਕ ’ਤੇ ਹੀ ਚਾਰ ਘੰਟੇ ਐਂਬੂਲੈਂਸ ਵਿਚ ਪਈ ਰਹੀ। ਸੂਚਨਾ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਤੋਂ ਪੁਲੀਸ ਉੱਥੇ ਪਹੁੰਚੀ ਤੇ ਲਾਸ਼ ਨੂੰ ਅੰਦਰ ਰਖਵਾਇਆ।
ਇਸ ਸਬੰਧੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਸ ਨੇ ਰਤਨ ਨਗਰ ਵਿਚ ਇਕ ਕਮਰਾ ਕਿਰਾਏ ’ਤੇ ਲਿਆ ਸੀ। ਕਮਰਾ ਕਿਰਾਏ ’ਤੇ ਦਿੰਦੇ ਸਮੇਂ ਵੀ ਮਕਾਨ ਮਾਲਕ ਨੂੰ ਪਤਾ ਸੀ ਕਿ ਉਨ੍ਹਾਂ ਦੀ ਮਾਂ ਬਿਮਾਰ ਸੀ। ਜਦੋਂ ਉਸ ਦੀ ਮਾਂ ਦੀ ਸਿਹਤ ਵਿਗੜ ਗਈ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਈਆਂ। ਮਕਾਨ ਮਾਲਕ ਨੇ ਉਸ ਨੂੰ ਨਾਲ ਹੀ ਕਮਰਾ ਖਾਲੀ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ। ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਹ ਰਾਤ ਕਰੀਬ 8 ਵਜੇ ਹਸਪਤਾਲ ਤੋਂ ਲਾਸ਼ ਲੈ ਕੇ ਐਂਬੂਲੈਂਸ ਵਿਚ ਘਰ ਆਈਆਂ। ਜਦੋਂ ਉਹ ਘਰ ਪਹੁੰਚੀਆਂ ਤਾਂ ਮਕਾਨ ਮਾਲਕਣ ਨੇ ਕਿਹਾ ਕਿ ਲਾਸ਼ ਘਰ ਦੇ ਅੰਦਰ ਨਹੀਂ ਆਵੇਗੀ। ਇਸ ਨੂੰ ਲੈ ਕੇ ਹੰਗਾਮਾ ਹੋਇਆ ਅਤੇ ਕਰੀਬ 4 ਘੰਟੇ ਤੱਕ ਲਾਸ਼ ਐਂਬੂਲੈਂਸ ਵਿਚ ਸੜਕ ’ਤੇ ਪਈ ਰਹੀ।
ਇਸ ਦੀ ਸੂਚਨਾ ਮਿਲਣ ਤੋਂ ਬਾਅਦ ਬਸਤੀ ਬਾਵਾ ਖੇਲ ਦੇ ਮੁਖੀ ਨਿਰਲੇਪ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ। ਪਹਿਲਾਂ ਤਾਂ ਮਕਾਨ ਮਾਲਕ ਇਨਕਾਰ ਕਰਦੇ ਰਹੇ ਪਰ ਬਾਅਦ ਵਿਚ ਪੁਲੀਸ ਵੱਲੋਂ ਸਖ਼ਤੀ ਵਰਤੇ ਜਾਣ ’ਤੇ ਲਾਸ਼ ਨੂੰ ਅੰਦਰ ਰਖਵਾ ਦਿੱਤਾ ਗਿਆ ਅਤੇ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਦੁੱਖ ਦੀ ਇਸ ਘੜੀ ਵਿਚ ਕਿਰਾਏਦਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।