ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 24 ਜੁਲਾਈ
ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਨਾਲ ਵਿਧੀਪੁਰ ਫਾਟਕ ਤੋਂ ਦਿਆਲਪੁਰ ਤੱਕ ਸੜਕ ’ਤੇ ਲੱਗੀਆਂ ਲਾਈਟਾਂ ਰਾਤ ਸਮੇਂ ਜਗਮਗ ਨਹੀਂ ਕਰ ਰਹੀਆਂ। ਇਸ ਕਾਰਨ ਮੁੱਖ ਸੜਕ ਨਾਲ ਬਣੀ ਸਰਵਿਸ ਲੇਨ ’ਤੇ ਹਨ੍ਹੇਰਾ ਹੋਣ ਕਾਰਨ ਅਣਸੁਖਾਵੀਂ ਘਟਨਾ ਹੋਣ ਦਾ ਡਰ ਬਣਿਆ ਹੋਇਆ ਹੈ।
ਹਾਈਵੇਅ ’ਤੇ ਲੱਗੀਆਂ ਲਾਈਟਾਂ ਬੰਦ ਹੋਣ ਕਾਰਨ ਕਰਤਾਰਪੁਰ ਵਿੱਚ ਮੁੱਖ ਚੌਕ, ਡੀਐੱਸਪੀ ਦਫਤਰ, ਪੁਲੀਸ ਥਾਣਾ ਅਤੇ ਸਰਵਿਸ ਲੇਨ ’ਤੇ ਹਨੇਰਾ ਛਾਇਆ ਰਹਿੰਦਾ ਹੈ। ਹਾਈਵੇਅ ’ਤੇ ਬੱਤੀ ਗੁੱਲ ਹੋਣ ਕਾਰਨ ਕਰਤਾਰਪੁਰ ਸ਼ਹਿਰ ਨੂੰ ਜਾਂਦੀ ਸਰਵਿਸ ਲੇਨ ਵਾਹਨ ਚਾਲਕਾਂ ਦੇ ਨਜ਼ਰੀਂ ਨਹੀਂ ਪੈ ਰਹੀ। ਸੁਰੱਖਿਆ ਪੱਖੋਂ ਅਹਿਮ ਮੰਨੇ ਜਾਂਦੇ ਵਿਧੀਪੁਰ ਚੌਕ ਵਿੱਚ ਸੀਆਰਪੀਐੱਫ ਅਤੇ ਆਈਟੀਬੀਪੀ ਦਾ ਮੁੱਖ ਕੈਂਪ ਹੈ। ਇਸ ਸਬੰਧੀ ਹਾਈਵੇਅ ਪੁਲੀਸ ਦੇ ਮੁਲਾਜ਼ਮ ਅਵਤਾਰ ਸਿੰਘ ਨੇ ਵਿਧੀਪੁਰ ਤੋਂ ਦਿਆਲਪੁਰ ਤਕ ਲਾਈਟਾਂ ਬੰਦ ਹੋਣ ਦੀ ਪੁਸ਼ਟੀ ਕੀਤੀ। ਵਧੀਕ ਨਿਗਰਾਨ ਇੰਜਨੀਅਰ ਕਰਤਾਰਪੁਰ ਵਿਨੈ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਪੈਂਦੇ ਅੱਠ ਟਰਾਂਸਫਾਰਮਰ ਜਿਨ੍ਹਾਂ ਤੋਂ ਵਿਧੀਪੁਰ ਤੋਂ ਜੈਪੁਰ ਤੱਕ ਸੜਕ ਵਿਚਕਾਰ ਲੱਗੀਆਂ ਲਾਈਟਾਂ ਜਗਦੀਆਂ ਹਨ, ਦੇ ਕੁਨੈਕਸ਼ਨ ਬਿੱਲ ਨਾ ਦੇਣ ਕਾਰਨ ਕੱਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਥਾਂ ’ਤੇ ਬਿਜਲੀ ਦੇ ਬਕਾਇਆ ਰਕਮ ਦੀ ਰਾਸ਼ੀ ਲਗਪਗ ਨੌਂ ਲੱਖ ਰੁਪਏ ਬਣਦੀ ਹੈ।