ਪੱਤਰ ਪ੍ਰੇਰਕ
ਤਲਵਾੜਾ, 21 ਅਪਰੈਲ
ਸਥਾਨਕ ਨਗਰ ਕੌਂਸਲ ਵਿੱਚ ਪ੍ਰਧਾਨਗੀ ਨੂੰ ਲੈ ਕੇ ਕੌਂਸਲਰਾਂ ਅਤੇ ਪ੍ਰਧਾਨ ਵਿਚਾਲੇ ਚੱਲ ਰਹੇ ਰੇੜਕੇ ਵਿੱਚ ਦਫ਼ਤਰੀ ਅਮਲਾ ਅਤੇ ਸਫ਼ਾਈ ਕਰਮਚਾਰੀ ਨਪੀੜੇ ਜਾ ਰਹੇ ਹਨ। ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ, ਜਦਕਿ ਦੂਜਾ ਮਹੀਨਾ ਵੀ ਮੁੱਕਣ ’ਤੇ ਆ ਗਿਆ ਹੈ। ਤਨਖ਼ਾਹ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਉਧਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਅੱਜ ਬਾਗੀ ਕੌਂਸਲਰਾਂ ਨੇ ਮੀਟਿੰਗ ਕੀਤੀ। ਮੀਟਿੰਗ ਵਿੱਚ ਮੌਜੂਦ ਅੱਠ ਕੌਂਸਲਰਾਂ ਨੇ ਪ੍ਰਧਾਨ ਮੋਨਿਕਾ ਸ਼ਰਮਾ ’ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਅਤੇ ਸ਼ਹਿਰ ਦੇ ਵਿਕਾਸ ਕਾਰਜ ਠੱਪ ਕਰਨ ਦੇ ਦੋਸ਼ ਲਗਾਏ। ਕੌਂਸਲਰ ਜੋਗਿੰਦਰ ਪਾਲ ਛਿੰਦਾ ਨੇ ਕਿਹਾ ਕਿ ਬਹੁਗਿਣਤੀ ਕੌਂਸਲਰਾਂ ਵੱਲੋਂ ਪ੍ਰਧਾਨ ਮੋਨਿਕਾ ਸ਼ਰਮਾ ਖ਼ਿਲਾਫ਼ ਬੇਭਰੋਸਗੀ ਮਤਾ ਪਾਇਆ ਗਿਆ ਸੀ, ਮਾਮਲਾ ਅਦਾਲਤ ’ਚ ਹੋਣ ਅਤੇ ਉਪ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕ ਗਈਆਂ ਹਨ। ਕੌਂਸਲਰ ਦੀਪਕ ਅਰੋੜ ਉਰਫ਼ ਸੰਨੀ ਤੇ ਤਰਨਜੀਤ ਬੌਬੀ ਨੇ ਦੱਸਿਆ ਕਿ ਕੌਂਸਲਰਾਂ ਦੀ ਬੇਨਤੀ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਉਪ ਪ੍ਰਧਾਨ ਦੀ ਚੋਣ ਲਈ ਬੀਤੇ ਮਹੀਨੇ ਦੀ 22 ਤਾਰੀਖ਼ ਨੂੰ ਐਸਡੀਐਮ ਮੁਕੇਰੀਆਂ ਨੂੰ ਕਨਵੀਨਰ ਨਿਯੁਕਤ ਕਰਕੇ ਨਿਯਮਾਂ ਅਨੁਸਾਰ ਚੋਣ ਕਰਵਾਉਣ ਦੀ ਹਦਾਇਤ ਕੀਤੀ ਸੀ। ਪਰ ਅਜੇ ਤੱਕ ਉਪ ਪ੍ਰਧਾਨ ਦੀ ਚੋਣ ਦਾ ਅਮਲ ਪੂਰਾ ਨਹੀਂ ਕੀਤਾ ਜਾ ਸਕਿਆ।