ਹਰਪ੍ਰੀਤ ਕੌਰ
ਹੁਸ਼ਿਆਰਪੁਰ, 13 ਜੁਲਾਈ
ਸਾਲ 2020 ਵਿੱਚ ਵਾਪਰੇ ਦੋਹਰੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸਹਾਇਕ ਐਡਵੋਕੇਟ ਸੀਆ ਖੁੱਲਰ ਦਾ ਕਤਲ ਕਰਨ ਤੋਂ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੀ ਨੀਯਤ ਨਾਲ ਲਾਸ਼ਾਂ ਨੂੰ ਕਾਰ ’ਚ ਪਾ ਕੇ ਅੱਗ ਲਾ ਦਿੱਤੀ ਗਈ ਸੀ। ਇਸ ਸਬੰਧੀ ਸੁਮਨਿੰਦਰ ਗੁਪਤਾ ਖੁੱਲਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਮੁਲਜ਼ਮ ਕਪਿਲ ਕੁਸ਼ਵਾਹਾ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਬਾਕੀ ਕਥਿਤ ਦੋਸ਼ੀਆਂ ਅਸ਼ੀਸ਼ ਕੁਮਾਰ ਤੇ ਸੁਨੀਲ ਕੁਮਾਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲੀਸ ਨੇ ਵਾਰਦਾਤ ਦੇ ਮੁੱਖ ਮੁਲਜ਼ਮ ਅਸ਼ੀਸ਼ ਕੁਮਾਰ ਵਾਸੀ ਮੰਗਲੋਰ ਉੱਤਰ ਪ੍ਰਦੇਸ਼ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਸੀਆ ਖੁੱਲਰ ਅਤੇ ਉਸ ਦੇ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਨੂੰ ਯੋਜਨਾਬੱਧ ਤਰੀਕੇ ਨਾਲ ਦੀਵਾਲੀ ਵਾਲੀ ਸ਼ਾਮ ਨੂੰ ਆਪਣੇ ਸਾਥੀਆਂ ਕਪਿਲ ਮਰਵਾਹਾ ਅਤੇ ਸੁਨੀਲ ਕੁਮਾਰ ਨਾਲ ਮਿਲ ਕੇ ਘਰ ਵਿੱਚ ਪੂਜਾ ਕਰਦਿਆਂ ਗਲਾ ਘੁੱਟ ਕੇ ਮਾਰ ਦਿੱਤਾ ਤੇ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਲਈ ਕਾਰ ਵਿੱਚ ਪਾ ਕੇ ਪੁਰਹੀਰਾਂ ਬਾਈਪਾਸ ਦੇ ਨੇੜੇ ਇੱਕ ਦਰੱਖਤ ਨਾਲ ਕਾਰ ਟਕਰਾਅ ਕੇ ਅੱਗ ਲਗਾ ਦਿੱਤੀ।