ਪੱਤਰ ਪ੍ਰੇਰਕ
ਮੁਕੇਰੀਆਂ, 19 ਜੂਨ
ਸੂਬਾ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਨਹਿਰਾਂ ਕੰਢੇ ਹੋ ਰਿਹਾ ਨਾਜਾਇਜ਼ ਖਣਨ ਸਿੰਜਾਈ ਨਹਿਰਾਂ ਲਈ ਖ਼ਤਰਾ ਬਣਦਾ ਜਾ ਰਿਹਾ ਹੈ, ਪਰ ਨਹਿਰੀ ਵਿਭਾਗ ਵੱਲੋਂ ਮਾਈਨਿੰਗ ਵਿਭਾਗ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਰੀਬ ਹਫ਼ਤੇ ਬਾਅਦ ਵੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
‘ਆਪ’ ਦੇ ਟਰੇਡ ਅਤੇ ਵੈੱਲਫੇਅਰ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸੁਲੱਖਣ ਜੱਗੀ ਨੇ ਦੱਸਿਆ ਕਿ ਹਾਜੀਪੁਰ ਬਲਾਕ ਵਿੱਚ ਕਰੱਸ਼ਰਾਂ ਮਾਲਕਾਂ ਵੱਲੋਂ 100 ਤੋਂ 150 ਫੁੱਟ ਤੱਕ ਡੂੰਘਾ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਸ਼ਾਹ ਨਹਿਰ ਦੇ ਐੱਸਡੀਓ ਵੱਲੋਂ ਮੀਰੀ ਪੀਰੀ ਸਟੋਨ ਕਰੱਸ਼ਰ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਖਨਣ ਬਾਰੇ ਮਾਈਨਿੰਗ ਵਿਭਾਗ ਨੂੰ ਜ਼ਬਾਨੀ ਅਤੇ ਲਿਖਤੀ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ, ਪਰ ਕਰੀਬ ਹਫ਼ਤਾ ਬੀਤਣ ਦੇ ਬਾਵਜੂਦ ਮਾਈਨਿੰਗ ਅਧਿਕਾਰੀਆਂ ਕੋਲ ਸਬੰਧਤ ਸਥਾਨ ਦਾ ਦੌਰਾ ਕਰਨ ਦਾ ਸਮਾਂ ਨਹੀਂ ਹੈ। ਸ਼ਾਹ ਨਹਿਰ ਅੱਪਰ ਦੀਆਂ ਸਿੰਜਾਈ ਨਹਿਰਾਂ ਕੰਢੇ ਹੋ ਰਿਹਾ ਇਹ ਨਾਜਾਇਜ਼ ਖਣਨ ਸਿੰਜਾਈ ਨਹਿਰਾਂ ਲਈ ਖ਼ਤਰਾ ਬਣਿਆ ਹੋਇਆ ਹੈ ਅਤੇ ਸਿਰ ’ਤੇ ਜ਼ੀਰੀ ਸੀਜ਼ਨ ਹੋਣ ਕਾਰਨ ਇਹ ਕਿਸਾਨਾਂ ਲਈ ਮਾਰੂ ਸਾਬਤ ਹੋ ਸਕਦਾ ਹੈ। ਨਹਿਰਾਂ ਕਿਸੇ ਵੇਲੇ ਵੀ ਟੁੱਟ ਸਕਦੀਆਂ ਹਨ ਅਤੇ ਹਾਲ ਹੀ ਵਿੱਚ ਨਹਿਰਾਂ ’ਤੇ ਖਰਚਿਆ ਕਰੋੜਾਂ ਰੁਪਇਆ ਮਿੱਟੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੰਢੀ ਖੇਤਰ ਵਿੱਚ ਪਾਣੀ ਡੂੰਘਾ ਹੋਣ ਕਾਰਨ ਪਿੰਡ ਕੁੱਲੀਆ ਲੁਬਾਣਾ, ਧਾਮੀਆਂ, ਬਰਿਆਹਾਂ, ਖੁੱਡਾ ਕੁੱਲੀਆਂ, ਕਾਂਜੂਪੀਰ, ਭਵਨਾਲ ਨੁਸ਼ਹਿਰਾ ਸਰਿਆਣਾ ਤੇ ਬੁੱਢਾਬੜ ਦੇ ਕਿਸਾਨ ਨਹਿਰੀ ਪਾਣੀ ’ਤੇ ਨਿਰਭਰ ਹਨ।
ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕੈ: ਐੱਸਡੀਓ
ਸ਼ਾਹ ਨਹਿਰ ਦੇ ਐੱਸਡੀਓ ਸੱਤਪਾਲ ਸਿੰਘ ਨੇ ਦੱਸਿਆ ਕਿ ਸ਼ਾਹ ਨਹਿਰ ਅੱਪਰ ਕੋਲ ਪਿੰਡ ਭਵਨਾਲ ਦੀ ਬੁਰਜੀ +/-3000 ਤੋਂ 3500 ਵਿਚਕਾਰ ਮੀਰੀ ਪੀਰੀ ਸਟੋਨ ਕਰੱਸ਼ਰ ਵੱਲੋਂ ਕਾਫ਼ੀ ਡੂੰਘੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨਾ ਹਾਈਡ੍ਰੋਲਿਕ ਗਰੇਡਿਨੇਂਟ ਲਾਈ ਡਿਸਟਰਬ ਹੋ ਰਹੀ ਹੈ। ਜ਼ੀਰੀ ਸੀਜ਼ਨ ਚੱਲਦਾ ਹੋਣ ਕਾਰਨ ਨਹਿਰ ਵਿੱਚ ਪਾੜ ਪੈਣ ਦਾ ਖ਼ਦਸ਼ਾ ਹੈ। ਇਸ ਲਈ ਮਾਈਨਿੰਗ ਵਿਭਾਗ ਨੂੰ ਕਰੀਬ ਹਫ਼ਤਾ ਪਹਿਲਾਂ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ, ਪਰ ਹਾਲੇ ਤੱਕ ਮਾਈਨਿੰਗ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।
ਮੌਕਾ ਦੇਖਣ ਉਪਰੰਤ ਕੀਤੀ ਜਾਵੇਗੀ ਬਣਦੀ ਕਾਰਵਾਈ: ਐੱਸਡੀਓ
ਮਾਈਨਿੰਗ ਵਿਭਾਗ ਦੇ ਐੱਸਡੀਓ ਸੰਦੀਪ ਕੁਮਾਰ ਨੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਲਿਖਤੀ ਪੱਤਰ ਮਿਲਿਆ ਹੈ, ਜਿਸ ਦਾ ਮੌਕਾ ਦੇਖਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹਫ਼ਤੇ ਬਾਅਦ ਵੀ ਨਜਾਇਜ਼ ਖਨਣ ਵਾਲੇ ਕਰੱਸ਼ਰ ਖਿਲਾਫ਼ ਕਾਰਵਾਈ ਬਾਰੇ ਉਨ੍ਹਾਂ ਕੋਈ ਠੋਸ ਜਵਾਬ ਨਾ ਦਿੱਤਾ।