ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਇਥੇ ਕੰਪਨੀ ਬਾਗ ਦੀ ਪਾਰਕਿੰਗ ’ਚੋਂ ਗੁੰਮ ਹੋਇਆ 12 ਸਾਲਾ ਬੱਚਾ ਤਿੰਨ ਦਿਨਾਂ ਬਾਅਦ ਅੰਮ੍ਰਿਤਸਰ ਤੋਂ ਮਿਲ ਗਿਆ ਹੈ। ਪੁਲੀਸ ਨੂੰ ਇਹ ਬੱਚਾ ਅੰਮ੍ਰਿਤਸਰ ਦੁਰਗਿਆਣਾ ਮੰਦਰ ਦੇ ਬਾਹਰੋਂ ਮਿਲਿਆ ਹੈ ਜਿਸ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਏਸੀਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕੰਪਨੀ ਬਾਗ ਦੀ ਪਾਰਕਿੰਗ ’ਚ ਕੰਮ ਕਰਦੇ ਪਵਨ ਕੁਮਾਰ ਨੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਮੁਖੀ ਮੁਕੇਸ਼ ਕੁਮਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ 12 ਸਾਲ ਦਾ ਲੜਕਾ ਸਕਸ਼ਮ ਗਾਇਬ ਹੋ ਗਿਆ ਹੈ। ਜਿਸ ਤੋਂ ਬਾਅਦ ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਧਾਰਾ 363 ਤਹਿਤ ਮਾਮਲਾ ਦਰਜ ਕਰ ਕੇ ਗਾਇਬ ਹੋਏ ਬੱਚੇ ਨੂੰ ਲੱਭਣ ਲਈ ਪੁਲੀਸ ਦੀਆਂ ਟੀਮਾਂ ਦਾ ਗਠਨ ਕੀਤਾ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਪਤਾ ਲੱਗੀ ਕਿ ਪਵਨ ਕੁਮਾਰ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ ਤੇ ਸਕਸ਼ਮ ਅਤੇ ਦੋ ਕੁੜੀਆਂ ਉਸ ਦੀ ਪਹਿਲੀ ਪਤਨੀ ਤੋਂ ਸਨ। ਪੁਲੀਸ ਨੇ ਇਸ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਇਕ ਪੁਲੀਸ ਪਾਰਟੀ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ। ਇਸੇ ਦੌਰਾਨ ਪੁਲੀਸ ਨੂੰ ਦੁਰਗਿਆਣਾਾ ਮੰਦਰ ਦੇ ਬਾਹਰੋਂ ਸਕਸ਼ਮ ਮਿਲ ਗਿਆ। ਪੁੱਛਗਿੱਛ ’ਚ ਸਕਸ਼ਮ ਨੇ ਦੱਸਿਆ ਕਿ ਉਹ ਬਿਨਾਂ ਕਿਸੇ ਨੂੰ ਦੱਸੇ ਬੱਸ ਵਿਚ ਬੈਠ ਕੇ ਆਪਣੀ ਮਾਂ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਸੀ। ਜਿਸ ਤੋਂ ਬਾਅਦ ਪੁਲੀਸ ਉਸ ਨੂੰ ਲੈ ਕੇ ਜਲੰਧਰ ਪਹੁੰਚ ਗਈ ਤੇ ਅੱਜ ਉਸ ਦੇ ਮਾਂ-ਪਿਓ ਦੇ ਹਵਾਲੇ ਕਰ ਦਿੱਤਾ।