ਸੁਰਜੀਤ ਮਜਾਰੀ
ਬੰਗਾ, 21 ਜੂਨ
ਬਹਿਰਾਮ ਟੌਲ ਪਲਾਜ਼ਾ ਚਾਲੂ ਹੁੰਦਿਆਂ ਹੀ ਲੋਕਾਂ ਵੱਲੋਂ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ’ਤੇ ਅੱਜ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਪਲਾਜ਼ੇ ਵਾਲੀ ਥਾਂ ’ਤੇ ਜਾ ਕੇ ਪ੍ਰਸ਼ਾਸਨ ਅਤੇ ਸੰਚਾਲਕ ਕੰਪਨੀ ਨੂੰ ਇਹ ਪਲਾਜ਼ਾ ਅਜੇ ਨਾ ਚਾਲੂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਅਜੇ ਤਾਂ ਇਸ ਫਗਵਾੜਾ-ਮੋਹਾਲੀ ਚਹੁੰ ਮਾਰਗੀ ਸੜਕ ’ਤੇ ਬੰਗਾ ਵਾਲਾ ਪੁਲ ਵੀ ਚਾਲੂ ਨਹੀਂ ਹੋਇਆ, ਨਾ ਹੀ ਮਾਹਿਲਪੁਰ ਰੋਡ ਦੀ ਹਾਲਤ ਸੁਧਾਰੀ ਗਈ ਹੈ ਅਤੇ ਨਾ ਹੀ ਪਲਾਜ਼ਾ ਵਾਲੀ ਸੜਕ ਦਾ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਰਗੇ ਹਾਲਾਤਾਂ ’ਚ ਪਲਾਜ਼ਾਂ ਚਾਲੂ ਕਰਕੇ ਲੋਕਾਂ ’ਤੇ ਹੋਰ ਆਰਥਿਕ ਬੋਝ ਪਾਉਣਾ ਮੰਦਭਾਗਾ ਹੈ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਡਿਪਟੀ ਕਮਿਸ਼ਨਰ ਦੇ ਵੀ ਧਿਆਨ ’ਚ ਲਿਆਂਦਾ ਹੈ ਜਿਨ੍ਹਾਂ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ।
ਇਸ ਮੌਕੇ ਪਲਾਜ਼ਾ ਦੇ ਸਥਾਨਕ ਪ੍ਰਬੰਧਕ ਸ਼ੀਸ਼ ਪਾਲ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਨੇ ਚਿਤਾਵਨੀ ਵੀ ਦਿੱਤੀ ਕਿ ਲੋਕਾਂ ਦੀ ਇਸ ਮੰਗ ’ਤੇ ਗੌਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।