ਹਰਪ੍ਰੀਤ ਕੌਰ
ਹੁਸ਼ਿਆਰਪੁਰ, 12 ਅਕਤੂਬਰ
ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਹੇਠ ਟਾਂਡਾ ਰੋਡ ’ਤੇ ਗੁੜ ਬਣਾਉਣ ਵਾਲੇ ਵੇਲਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਗੁੜ ਅਤੇ ਇਸ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਜਾਂਚ ਕੀਤੀ ਗਈ। ਟੀਮ ਵਲੋਂ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਵਾਲੇ ਵੇਲਣਿਆਂ ਨੂੰ ਬੰਦ ਕਰਵਾ ਦਿੱਤਾ ਗਿਆ। ਗੁੜ ਬਣਾਉਣ ਵਾਸਤੇ ਵਰਤੇ ਜਾ ਰਹੇ ਘਟੀਆ ਕਿਸਮ ਦੇ ਰੰਗ, ਖੰਡ ਅਤੇ ਹੋਰ ਸਾਮਾਨ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਸਿਹਤ ਅਧਿਕਾਰੀ ਨੇ ਵੇਲਣਾ ਚਾਲਕਾਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਕਟ ਤਹਿਤ ਰਜਿਸਟਰਡ ਹੋਣ ਤੱਕ ਵੇਲਣੇ ਬੰਦ ਰੱਖੇ ਜਾਣਗੇ।
ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਿਹਾ ਕਿ ਅਕਸਰ ਦੇਖਣ ’ਚ ਆਉਂਦਾ ਹੈ ਕਿ ਸੜਕ ਕਿਨਾਰੇ ਬਣਨ ਵਾਲੇ ਗੁੜ ਗ਼ੈਰ-ਮਿਆਰੀ ਹੁੰਦੇ ਹਨ ਅਤੇ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਤੋਂ ਇਲਾਵਾ ਵੇਲਣਿਆਂ ਦੀ ਚਿਮਨੀ ਤੋਂ ਨਿਕਲਣ ਵਾਲੇ ਧੂਏਂ ਤੋਂ ਪ੍ਰਦੂਸ਼ਣ ਵੀ ਫੈਲਦਾ ਹੈ। ਉਨ੍ਹਾਂ ਕਿਹਾ ਕਿ ਚਿਮਨੀ ਦੀ ਉਚਾਈ ਪ੍ਰਦੂਸ਼ਣ ਕੰਟਰੋਲ ਵਿਭਾਗ ਅਨੁਸਾਰ 20 ਫੁੱਟ ਉਚੀ ਹੋਣੀ ਚਾਹੀਦੀ ਹੈ ਜਦੋਂਕਿ ਵੇਲਣਿਆ ’ਤੇ ਇਹ ਸਿਰਫ਼ 8 ਫੁੱਟ ਤੱਕ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਦੇਖਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਇਨ੍ਹਾਂ ਵੇਲਣਿਆਂ ਨੂੰ ਬੰਦ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ। ਟੀਮ ਵਿੱਚ ਰਾਮ ਲੁਭਾਇਆ, ਨਸੀਬ ਚੰਦ, ਅਸ਼ੋਕ ਕੁਮਾਰ, ਗੁਰਵਿੰਦਰ ਸ਼ਾਨੇ ਸ਼ਾਮਿਲ ਸਨ।