ਪੱਤਰ ਪ੍ਰੇਰਕ
ਭੋਗਪੁਰ, 28 ਨਵੰਬਰ
ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ’ਚ ਪੈਂਦੇ ਪਿੰਡ ਖਿਆਲਾਂ ਕਲਾਂ ਜੇ ਬੀ-57 ਦੇ ਮੁਸਲਮਾਨ ਭਾਈਚਾਰੇ ਨੇ ਦੇਸ਼ ਦੀ ਵੰਡ ਸਮੇਂ ਤੋਂ ਖੰਡਰ ਹੋ ਰਹੇ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ (ਬਾਬਾ ਮੜ੍ਹ) ਦਾ 76 ਸਾਲਾਂ ਬਾਅਦ ਨਵੀਨੀਕਰਨ ਕਰ ਕੇ ਸੰਨ 1946 ਤੋਂ ਬਾਅਦ 2023 ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਮੁਸਲਮਾਨ ਭਾਈਚਾਰੇ ਨੇ ਗੁਰੂ ਕਾ ਲੰਗਰ ਲਗਾਇਆ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਉੱਪਰ ਦੀਪਮਾਲਾ ਕਰਨ ਦਾ ਵੀ ਪ੍ਰਬੰਧ ਕੀਤਾ।
ਇਸ ਦੌਰਾਨ ਮਾਸਟਰ ਅੱਲ੍ਹਾ ਰੱਖਾ ਹੋਠੀ, ਬਾਬਾ ਤਾਰਿਕ ਅਲੀ, ਰਾਣਾ ਨਿਸਾਰ ਅਲੀ (ਸ਼ਾਹਬਾਜ਼ਪੁਰ), ਮਾਸਟਰ ਆਰੀਫ ਅਲੀ ਰੰਧਾਵਾ, ਕਸੀਫ ਅਲੀ, ਡਾ. ਅਸ਼ਰੀਫ ਅਲੀ, ਬਾਬਾ ਯਾਕੂਬ, ਸ਼ਾਹਬਾਜ਼ ਅਹਿਮਦ ਅਤੇ ਅਨਵਰ ਅਲੀ ਰੰਧਾਵਾ ਨੇ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।