ਸੁਰਜੀਤ ਮਜਾਰੀ
ਬੰਗਾ, 12 ਦਸੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਾਨੂੰ ਨੀਲੇ-ਪੀਲੇ ਕਾਰਡਾਂ ਵਾਲੀਆਂ ਸਕੀਮਾਂ ਦੀ ਲੋੜ ਨਹੀਂ ਸਗੋਂ ਸਮੇਂ ਦੇ ਹਾਣੀ ਬਣਨ ਲਈ ਰਾਜ ਸੱਤਾ ਪ੍ਰਾਪਤ ਕਰਨੀ ਚਾਹੀਦੀ ਹੈ। ਉਹ ਪਿੰਡ ਝਿੰਗੜਾਂ ਵਿੱਚ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੜ੍ਹੀ ਨੇ ਕਿਹਾ ਕਿ ਹੁਣ ਦੇਸ਼ ਅੰਦਰ 15 ਫ਼ੀਸਦੀ ਜਗੀਰਦਾਰੂ ਲੋਕਾਂ ਵੱਲੋਂ 85 ਫ਼ੀਸਦੀ ਬਹੁਜਨਾਂ ’ਤੇ ਰਾਜ ਕਰਨ ਦੀ ਰਵਾਇਤ ਨੂੰ ਖ਼ਤਮ ਕਰਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੀ ਸਰਕਾਰ ਕਾਇਮ ਕਰ ਕੇ ਦੇਸ਼ ਅੰਦਰ ਉਦਹਾਰਣ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਤੇ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੀਆਂ ਤਸਵੀਰਾਂ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜ਼ਲੀਆਂ ਵੀ ਭੇਟ ਕੀਤੀਆਂ ਗਈਆਂ। ਸਮਾਗਮ ਨੂੰ ਗਿਆਨੀ ਹਰਬਲਾਸ ਝਿੰਗੜ ਯੂਐੱਸਏ, ਪ੍ਰਵੀਨ ਬੰਗਾ ਤੇ ਮਹਿਲਾ ਆਗੂ ਨੀਲਮ ਸਹਿਜਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਿਸ਼ਨਰੀ ਗਾਇਕਾਂ ਨੇ ਇਤਿਹਾਸ ਅਤੇ ਗੁਰੂ ਸਹਬਿਾਨ ਤੇ ਰਹਬਿਰਾਂ ਦੇ ਮਿਸ਼ਨ ’ਤੇ ਚਾਨਣਾ ਪਾਉਂਦੇ ਹੋਏ ਗੀਤ ਗਾ ਕੇ ਮਾਹੌਲ ਵਿਚ ਖੂਬ ਜੋਸ਼ ਭਰਿਆ।
‘ਬਸਪਾ ਵੱਲੋਂ ਕਿਸਾਨ ਸੰਘਰਸ਼ ਨੂੰ ਪੂਰੀ ਹਮਾਇਤ’
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਮਾਗਮ ਤੋਂ ਪਹਿਲਾਂ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਬਸਪਾ ਵੱਲੋਂ ਕਿਸਾਨ ਅੰਦੋਲਨ ਨੂੰ ਪੂਰੀ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਕਿਸਾਨੀ ਨਾਲ ਦਗਾਬਾਜ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਕੇ ਮੋਦੀ ਸਰਕਾਰ ਨੇ ਜਗੀਰਦਾਰਾਂ ਦੇ ਹੱਥ ਖੇਡਣ ਦੀ ਲੁਕਵੀਂ ਆੜੀ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਿੱਚ ਚੱਲ ਰਿਹਾ ਸੰੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਸਾਰੇ ਵਰਗਾਂ ਦੀ ਸਾਂਝੀ ਲਹਿਰ ਹੈ ਜਿਹੜੀ ਕੇਂਦਰ ਸਰਕਾਰ ਦੀ ਮਨਮਰਜ਼ੀ ਦੀਆਂ ਜੜ੍ਹਾਂ ਹਿਲਾ ਕੇ ਹੀ ਸਮਾਪਤ ਹੋਵੇਗੀ।