ਗੁਰਦੇਵ ਸਿੰਘ ਗਹੂੰਣ
ਬਲਾਚੌਰ, 18 ਨਵੰਬਰ
ਕੌਮੀ ਹਾਈਵੇਅ ਅਥਾਰਟੀ (ਐੱਨਐੱਚਆਈ) ਵੱਲੋਂ ਬਲਾਚੌਰ ਬਾਈਪਾਸ ਲਾਗੇ ਨਵਾਂ ਸ਼ਹਿਰ-ਬਲਾਚੌਰ ਸਰਵਿਸ ਰੋਡ ਪੁੱਟੇ ਜਾਣ ਅਤੇ ਬਜਰੀ ਦੇ ਢੇਰ ਲਗਾਏ ਜਾਣ ਕਾਰਨ ਲੋਕਾਂ ਦਾ ਲਾਂਘਾ ਬੰਦ ਹੋ ਗਿਆ ਹੈ। ਇਸ ਕਾਰਨ ਰਿਹਾਇਸ਼ੀ ਕਲੋਨੀ ਦੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਪੜ-ਫਗਵਾੜਾ ਚਾਰ ਮਾਰਗੀ ਕਰਨ ਵੇਲੇ ਬਲਾਚੌਰ (ਕੰਗਣਾ) ਬਾਈਪਾਸ ਲਾਗੇ ਫਲਾਈਓਵਰ ਤਾਂ ਬਣਾ ਦਿੱਤਾ ਗਿਆ, ਪਰ ਇਸ ਦੇ ਨਾਲ ਨਵਾਂ ਸ਼ਹਿਰ ਤੋਂ ਬਲਾਚੌਰ ਵਾਲੇ ਪਾਸੇ ਆਉਣ ਅਤੇ ਰੋਪੜ-ਚੰਡੀਗੜ੍ਹ ਜਾਣ ਵਾਲੇ ਟਰੈਫਿਕ ਲਈ ਸਰਵਿਸ ਸੜਕਾਂ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ। ਇਸ ਦੇ ਸਿੱਟੇ ਵਜੋਂ ਪਿੱਛਲੇ ਲੰਬੇ ਸਮੇਂ ਤੋਂ ਬਲਾਚੌਰ ਸ਼ਹਿਰ ਆਉਣ-ਜਾਣ ਵਾਲੇ ਟਰੈਫਿਕ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੌਮੀ ਹਾਈਵੇਅ ਅਥਾਰਟੀ ਵੱਲੋਂ ਹੁਣ ਇਨ੍ਹਾਂ ਸਰਵਿਸ ਸੜਕਾਂ ਨੂੰ ਬਣਾਉਣ ਦਾ ਕੰਮ ਕਾਫ਼ੀ ਸਮੇਂ ਤੋਂ ਹੌਲੀ-ਹੌਲੀ ਕੀਤਾ ਜਾ ਰਿਹਾ ਹੈ। ਨਵਾਂ ਸ਼ਹਿਰ ਵਾਲੇ ਪਾਸੇ ਪੁਟਾਈ ਕਰ ਕੇ ਅਤੇ ਬਜਰੀ ਦੇ ਢੇਰ ਲਗਾ ਕੇ ਲਾਗਲੀ ਕਲੋਨੀ ਦੇ ਲੋਕਾਂ ਲਈ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਇਸ ਕਲੋਨੀ ਵਿੱਚ ਰਹਿੰਦੇ ਡੀਟੀਐਫ ਦੇ ਤਹਿਸੀਲ ਪ੍ਰਧਾਨ ਚੰਦਰ ਸ਼ੇਖਰ ਔਲੀਆਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਘਰ ਪਹੁੰਚਣ ਲਈ ਤਿੰਨ ਕਿਲੋਮੀਟਰ ਦੂਰ ਤੋਂ ਘੁੰਮ ਕੇ ਆਉਣਾ ਪੈ ਰਿਹਾ ਹੈ। ਕਲੋਨੀ ਵਾਸੀਆਂ ਨੇ ਸਰਵਿਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਊਣ ਦੀ ਮੰਗ ਕੀਤੀ।